ਜੇਐੱਨਐੱਨ, ਉਨਾਵ : ਉਨਾਵ ਜਬਰ ਜਨਾਹ ਮਾਮਲੇ 'ਚ ਐਤਵਾਰ ਸਵੇਰੇ ਅਲੱਗ ਮੋੜ ਆ ਗਿਆ ਜਦੋਂ ਪੀੜਤਾ ਦੇ ਪਰਿਵਾਰ ਨੇ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਪੀੜਤਾ ਦੀ ਵੱਡੀ ਭੈਣ ਦੇ ਨਾ ਪਹੁੰਚਣ ਕਾਰਨ ਪ੍ਰਸ਼ਾਸਨ ਨੂੰ ਸਵੇਰੇ ਅੰਤਿਮ ਸੰਸਕਾਰ ਕਰਨ ਦੀ ਗੱਲ ਕਹਿਣ ਵਾਲਾ ਪਰਿਵਾਰ ਐਤਵਾਰ ਸਵੇਰੇ ਪਲਟ ਗਿਆ। ਵੱਡੀ ਭੈਣ ਦੇ ਆਉਣ ਤੋਂ ਬਾਅਦ ਪਰਿਵਾਰ ਇਸ ਜ਼ਿੱਦ 'ਤੇ ਅੜ ਗਿਆ ਹੈ ਕਿ ਜਦੋਂ ਤਕ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਹੀਂ ਆਉਂਦੇ ਲਾਸ਼ ਨਹੀਂ ਦਫ਼ਨਾਈ ਜਾਵੇਗੀ। ਨਾਲ ਹੀ ਪਰਿਵਾਰ ਨੇ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੇਣ ਤੇ ਸੁਰੱਖਿਆ ਦੀ ਸ਼ਰਤ ਵੀ ਰੱਖ ਦਿੱਤੀ ਜਿਸ 'ਤੇ ਕਮਿਸ਼ਨਰ ਲਖਨਊ ਤੇ ਆਈਜੀ ਰੇਂਜ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ। ਪਰਿਵਾਰ ਨੂੰ ਦੋ ਮਕਾਨ ਦੇਣ ਦੇ ਨਾਲ ਹੀ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ ਪਰਿਵਾਰ ਲਾਸ਼ ਦਫ਼ਨਾਉਣ ਲਈ ਤਿਆਰ ਹੋ ਗਿਆ। ਉਸ ਤੋਂ ਬਾਅਦ ਸਰਕਾਰ ਦੇ ਨੁਮਾਇੰਦੇ ਵਜੋਂ ਪੁਹੰਚੇ ਮੰਤਰੀ ਸਵਾਮੀ ਪ੍ਰਸਾਦ ਮੌਰੀਆ ਤੇ ਕਮਲ ਰਾਨੀ ਵਰੁਣ ਦੀ ਮੌਜੂਦਗੀ 'ਚ ਮ੍ਰਿਤਕ ਦੇਹ ਦਫ਼ਨਾਈ ਗਈ।

ਸ਼ਨਿਚਰਵਾਰ ਨੂੰ ਲਾਸ਼ ਪਹੁੰਚਣ ਤੋਂ ਬਾਅਦ ਦੇਰ ਰਾਤ ਵੱਡੀ ਭੈਣ ਦੇ ਨਾ ਆਉਣ ਕਾਰਨ ਪਰਿਵਾਰ ਨੇ ਅੰਤਿਮ ਸੰਸਕਾਰ ਸਵੇਰੇ ਕਰਨਾ ਤੈਅ ਕੀਤਾ ਸੀ। ਐਤਵਾਰ ਸਵੇਰੇ ਅਧਿਕਾਰੀ ਅੰਤਿਮ ਸੰਸਕਾਰ ਦੀ ਤਿਆਰੀ ਕਰਨ ਪਹੁੰਚੇ ਤਾਂ ਪਰਿਵਾਰ ਨੇ ਮੰਗਾਂ ਰੱਖਦੇ ਹੋਏ ਮ੍ਰਿਤਕ ਦੇਹ ਦਫ਼ਨਾਉਣ ਤੋਂ ਨਾਂਹ ਕਰ ਦਿੱਤੀ ਸੀ। ਆਹਲਾ ਅਧਿਕਾਰੀਆਂ ਨੇ ਗੱਲਬਾਤ ਕੀਤੀ ਤਾਂ ਦੱਸਿਆ ਗਿਆ ਕਿ ਜਦੋਂ ਤਕ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਪਿੰਡ ਨਹੀਂ ਆਉਂਦੇ ਤੇ ਉਨ੍ਹਾਂ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਦੇਣ ਦਾ ਭਰੋਸਾ ਨਹੀਂ ਦਿੰਦੇ, ਮ੍ਰਿਤਕ ਦੇਹ ਨਹੀਂ ਦਫ਼ਨਾਈ ਜਾਵੇਗੀ। ਇਸ ਗੱਲ ਦੀ ਜਾਣਕਾਰੀ ਮਿਲਦੇ ਹੀ ਡੀਐੱਮ ਦੇਵੇਂਦਰ ਕੁਮਾਰ ਪਾਂਡੇ ਤੇ ਐੱਸਪੀ ਵਿਕਰਾਂਤ ਵੀਰ ਤੋਂ ਬਾਅਦ ਕਮਿਸ਼ਨਰ ਮੁਕੇਸ਼ ਮੇਸ਼੍ਰਾਮ ਨਾਲ ਆਈਜੀ ਲਖਨਊ ਰੇਂਜ ਐੱਸਕੇ ਭਗਤ ਵੀ ਪਹੁੰਚ ਗਏ। ਕਮਿਸ਼ਨਰ ਨੇ ਪੀੜਤਾ ਦੇ ਪਿਤਾ ਨਾਲ ਗੱਲਬਾਤ ਕਰਨ ਦੇ ਨਾਲ ਹੀ ਅਪਰ ਮੁੱਖ ਸਕੱਤਰ ਨਾਲ ਉਨ੍ਹਾਂ ਦੀ ਗੱਲਬਾਤ ਕਰਵਾਈ। ਅਧਿਕਾਰੀਆਂ ਦੇ ਸਮਝਾਉਣ ਤੇ ਪਰਿਵਾਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਦੋ ਮਕਾਨਾਂ ਸਮੇਤ ਪਰਿਵਾਰ ਦੇ ਇਕ ਮੈਂਬਰ ਨੂੰ ਨੌਕਰੀ ਤੇ ਅਸਲਾ ਲਾਇਸੈਂਸ ਦਿੱਤੇ ਜਾਣ ਦਾ ਭਰੋਸਾ ਮਿਲਣ ਤੋਂ ਬਾਅਦ ਪਰਿਵਾਰ ਦੇਹ ਦਫ਼ਨਾਉਣ ਲਈ ਤਿਆਰ ਹੋ ਗਿਆ।

Posted By: Seema Anand