ਨੀਲੂ ਰੰਜਨ, ਨਵੀਂ ਦਿੱਲੀ : ਕੌਮਾਂਤਰੀ ਉਡਾਣਾਂ ਅਤੇ ਕੰਟੇਨਮੈਂਟ ਜ਼ੋਨ ਛੱਡ ਕੇ ਪੂਰੇ ਦੇਸ਼ ਵਿਚ ਸਾਰੀਆਂ ਸਰਗਰਮੀਆਂ ਅਗਲੇ 15 ਦਿਨ ਵਿਚ ਖੁੱਲ੍ਹ ਜਾਣਗੀਆਂ। 15 ਅਕਤੂਬਰ ਤੋਂ ਸਿਨੇਮਾ ਹਾਲ, ਵਪਾਰ ਮੇਲੇ, ਸਵਿਮਿੰਗ ਪੂਲ ਅਤੇ ਐਂਟਰਟੇਨਮੈਂਟ ਪਾਰਕਾਂ ਨੂੰ ਵੀ ਕੁਝ ਸ਼ਰਤਾਂ ਨਾਲ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਕੋਰੋਨਾ ਕਾਰਨ ਬੰਦ ਸਰਗਰਮੀਆਂ ਨੂੰ ਖੋਲ੍ਹਣ ਲਈ ਜਾਰੀ ਗਾਈਡਲਾਈਨਜ਼ ਵਿਚ ਗ੍ਰਹਿ ਮੰਤਰਾਲੇ ਨੇ ਇਸ ਵਾਰ ਸਕੂਲਾਂ-ਕਾਲਜਾਂ ਅਤੇ ਕੋਚਿੰਗ ਸੰਸਥਾਵਾਂ ਨੂੰ ਵੀ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਪਰ ਇਸ 'ਤੇ ਫ਼ੈਸਲਾ ਰਾਜਾਂ 'ਤੇ ਛੱਡ ਦਿੱਤਾ ਗਿਆ ਹੈ।

15 ਅਕਤੂਬਰ ਤੋਂ ਸਿਨੇਮਾ ਹਾਲ ਖੋਲ੍ਹਣ ਦੀ ਇਜਾਜ਼ਤ ਦਿੰਦੇ ਹੋਏ ਗ੍ਰਹਿ ਮੰਤਰਾਲੇ ਨੇ ਸਾਫ਼ ਕਰ ਦਿੱਤਾ ਹੈ ਕਿ ਦਰਸ਼ਕਾਂ ਲਈ 50 ਫ਼ੀਸਦੀ ਸੀਟਾਂ ਦਾ ਹੀ ਇਸਤੇਮਾਲ ਹੋਵੇਗਾ। ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਇਸਦੇ ਲਈ ਵੱਖਰੇ ਤੌਰ 'ਤੇ ਐੱਸਓਪੀ ਜਾਰੀ ਕਰੇਗਾ। ਇਸੇ ਤਰ੍ਹਾਂ ਵਪਾਰ ਮੇਲਿਆਂ ਨੂੰ ਵੀ 15 ਅਕਤੂਬਰ ਤੋਂ ਇਜਾਜ਼ਤ ਹੋਵੇਗੀ ਪਰ ਇਸ ਵਿਚ ਆਮ ਲੋਕਾਂ ਦੇ ਆਉਣ ਦੀ ਮਨਾਹੀ ਹੋਵੇਗੀ। ਸਵਿਮਿੰਗ ਪੂਲ ਖਿਡਾਰੀਆਂ ਲਈ ਪਹਿਲਾਂ ਹੀ ਖੋਲ੍ਹ ਦਿੱਤੇ ਗਏ ਸੀ, ਹੁਣ ਆਮ ਲੋਕਾਂ ਲਈ ਵੀ ਇਜਾਜ਼ਤ ਹੋਵੇਗੀ।

ਮਾਰਚ ਤੋਂ ਬੰਦ ਸਕੂਲ, ਕਾਲਜ ਅਤੇ ਕੋਚਿੰਗ ਸੈਂਟਰ ਤਾਂ ਖੁੱਲ੍ਹਣਗੇ ਪਰ ਆਨਲਾਈਨ ਪੜ੍ਹਾਈ ਨੂੰ ਬੰਦ ਨਹੀਂ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਸਕੂਲ ਜਾਣ ਜਾਂ ਆਨਲਾਈਨ ਕਲਾਸ ਵਿਚ ਭਾਗ ਲੈਣ ਦੀ ਛੋਟ ਹੋਵੇਗੀ ਅਤੇ ਸਕੂਲ ਵੱਲੋਂ ਕੋਈ ਦਬਾਅ ਨਹੀਂ ਬਣਾਇਆ ਜਾਵੇਗਾ। ਸਕੂਲ ਜਾਣ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਦੀ ਲਿਖਤੀ ਸਹਿਮਤੀ ਦੀ ਤਜਵੀਜ਼ ਨੂੰ ਬਰਕਰਾਰ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ 21 ਸਤੰਬਰ ਤੋਂ ਨੌਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਕੂਲ ਜਾਣ ਦੀ ਇਜਾਜ਼ਤ ਇਨ੍ਹਾਂ ਸ਼ਰਤਾਂ ਦੇ ਨਾਲ ਹੀ ਦਿੱਤੀ ਗਈ ਸੀ। ਸਕੂਲਾਂ ਲਈ ਹਰ ਸੂਬਾ ਆਪਣਾ-ਆਪਣਾ ਐੱਸਓਪੀ ਬਣਾਉਣਗੇ ਅਤੇ ਲਾਜ਼ਮੀ ਰੂਪ ਨਾਲ ਇਸਦਾ ਪਾਲਣ ਕਰਨਾ ਹੋਵੇਗਾ।

ਸਮਾਜਿਕ, ਧਾਰਮਿਕ, ਮਨੋਰੰਜਨ, ਸਿਆਸੀ ਅਤੇ ਸਭਿਆਚਾਰਕ ਅਤੇ ਹੋਰ ਸਮਾਗਮਾਂ ਲਈ ਪਹਿਲਾਂ ਤੋਂ ਹੋਰ ਜ਼ਿਆਦਾ ਢਿੱਲਾਂ ਦੇ ਦਿੱਤੀਆਂ ਗਈਆਂ ਹਨ। ਪਿਛਲੇ ਮਹੀਨੇ ਅਜਿਹੇ ਸਮਾਗਮਾਂ ਵਿਚ 100 ਲੋਕਾਂ ਦੇ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਹੁਣ ਇਸ ਦੀ ਗਿਣਤੀ ਵਧਾ ਕੇ 200 ਕਰ ਦਿੱਤੀ ਗਈ ਹੈ।

Posted By: Susheel Khanna