ਤਿਰੂਅਨੰਤਪੁਰਮ, ਏਐਨਆਈ : ਕੇਰਲ 'ਚ ਭਾਰੀ ਬਾਰਿਸ਼ ਕਾਰਨ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਹੈ। ਸੜਕਾਂ 'ਤੇ ਪਾਣੀ ਭਰਿਆ ਹੋਇਆ ਹੈ ਜਿਸ ਵਜ੍ਹਾ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਥਾਂ-ਥਾਂ ਪਾਣੀ ਭਰਿਆ ਹੋਣ ਕਾਰਨ ਵਾਹਨਾਂ ਦੀ ਆਵਾਜਾਈ 'ਚ ਮੁਸ਼ਕਿਲ ਹੋ ਰਹੀ ਹੈ। ਇਸ ਦੌਰਾਨ ਵਿਆਹ ਲਈ ਇਕ ਜੋੜਾ ਖਾਣਾ ਪਕਾਉਣ ਦੇ ਤਾਂਬੇ ਦੇ ਇਕ ਭਾਂਡੇ 'ਚ ਬੈਠ ਕੇ ਵਿਆਹ ਦੇ ਮੰਡਪ ਤਕ ਪਹੁੰਚਿਆ। ਉਨ੍ਹਾਂ ਦੇ ਘਰ ਤੋਂ ਮੰਡਪ ਦੀ ਦੂਰੀ 500 ਮੀਟਰ ਦੀ ਸੀ ਜਿਸ ਨੂੰ ਇਸ ਭਾਂਡੇ ਰਾਹੀਂ ਪੂਰਾ ਕੀਤਾ ਗਿਆ।

ਲਾੜੀ ਐਸ਼ਵਰਿਆ ਤੇ ਲਾੜਾ ਰਾਹੁਲ ਦੋਵੇਂ ਹੀ ਇਕੋ ਇਲਾਕੇ ਦੇ ਰਹਿਣ ਵਾਲੇ ਹਨ ਧਕਾਝੀ ਦੇ ਸਥਾਨਕ ਮੰਦਰ 'ਚ ਉਨ੍ਹਾਂ ਦਾ ਵਿਆਹ ਹੋਣਾ ਸੀ। ਸੋਮਵਾਰ ਨੂੰ ਇਲਾਕੇ 'ਚ ਭਾਰੀ ਮੀਂਹ ਕਾਰਨ ਥਾਂ-ਥਾਂ ਪਾਣੀ ਭਰ ਗਿਆ। ਆਮ ਤੌਰ 'ਤੇ ਕੇਰਲ 'ਚ ਲਾੜਾ ਤੇ ਲਾੜੀ ਕਾਰ ਰਾਹੀਂ ਮੰਦਰ ਆਉਂਦੇ ਹਨ ਪਰ ਰਾਹੁਲ ਤੇ ਐਸ਼ਵਰਿਆ ਲਈ ਸਥਿਤੀ ਕਾਫੀ ਵੱਖ ਸੀ। ਦੋਵੇਂ ਚਾਵਲ ਬਣਾਉਣ ਵਾਲੇ ਤਾਂਬੇ ਦੇ ਬਰਤਨ 'ਚ ਆਏ ਤੇ ਮੰਦਰ ਪੁੱਜੇ। ਇੱਥੇ ਪਹੁੰਚ ਕੇ ਦੋਵਾਂ ਨੇ ਸ਼ੁੱਭ ਮੂਹਰਤ 'ਚ ਵਿਆਹ ਕਰ ਲਿਆ। ਇਸ ਦੌਰਾਨ ਕਾਫੀ ਘੱਟ ਲੋਕ ਹੀ ਮੌਜੂਦ ਸੀ। ਰਾਹੁਲ ਨੇ ਕਿਹਾ ਸਾਨੂੰ ਉਸ ਭਾਂਡੇ 'ਚ ਯਾਤਰਾ ਕਰਨ ਤੋਂ ਡਰ ਨਹੀਂ ਲੱਗਾ। ਦੂਜੇ ਪਾਸੇ ਐਸ਼ਵਰਿਆ ਨੇ ਕਿਹਾ ਅਸੀਂ ਸਾਰੇ ਖੁਸ਼ ਹਾਂ ਕਿ ਵਿਆਹ ਮਿੱਥੇ ਸਮੇਂ 'ਤੇ ਹੋ ਗਿਆ।

Posted By: Ravneet Kaur