ਨਵੀਂ ਦਿੱਲੀ : ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇਕ ਸ਼ਖ਼ਸ ਨੇ ਆਪਣੇ ਪਾਲਤੂ ਕੁੱਤੇ ਨਾਲ ਯਾਤਰਾ ਕਰਨ ਲਈ ਏਅਰ ਇੰਡੀਆ ਦੀ ਇਕ ਫਲਾਈਟ ਦੀ ਪੂਰੀ ਬਿਜਨਸ ਕਲਾਸ ਬੁੱਕ ਕਰ ਲਈ। ਬੁੱਧਵਾਰ ਨੂੰ ਮੁੰਬਈ ਤੋਂ ਚੇਨਈ ਜਾਣ ਵਾਲੀ ਏਅਰ ਇੰਡੀਆ ਦੀ ਫਲਾਈਟ ਦੀ ਬਿਜਨਸ ਕਲਾਸ ਨੂੰ ਬੁੱਕ ਕੀਤਾ ਗਿਆ ਸੀ ਤਾਂਕਿ ‘ਕੇ9’ ਆਪਣੇ ਮਾਲਕ ਨਾਲ ਪੂਰੀ ਤਰ੍ਹਾਂ ਨਾਲ ‘ਸ਼ਾਨਦਾਰ ਅਤੇ ਸ਼ਾਂਤੀ’ ਨਾਲ ਯਾਤਰਾ ਕਰ ਸਕੇ। ਏਅਰਬੱਸ ਏ320 ਜਹਾਜ਼ ’ਚ ਬਿਜਨਸ ਕਲਾਸ ਦੀਆਂ 12 ਸੀਟਾਂ ਸਨ।

ਇਸ ਰਿਪੋਰਟ ਅਨੁਸਾਰ, ਮੁੰਬਈ ਤੋਂ ਚੇਨਈ ਤਕ ਇਕ ਕੁੱਤੇ ਨਾ ਆਪਣੇ ਮਾਲਕ ਨਾਲ ਫਲਾਈਟ ਦੇ ਬਿਜਨਸ ਕਲਾਸ ’ਚ ਯਾਤਰਾ ਕੀਤੀ। ਉਸ ਦੇ ਮਾਲਕ ਨੇ ਇਸ ਲਈ ਪੂਰੇ ਢਾਈ ਲੱਖ ਰੁਪਏ ਖ਼ਰਚ ਕੀਤੇ, ਇਹ ਉਡਾਣ ਕਰੀਬ ਦੋ ਘੰਟੇ ਦੀ ਸੀ। ਵਿਅਕਤੀ ਨੇ ਚੇਨਈ ਜਾਣਾ ਸੀ ਅਤੇ ਆਪਣੇ ਪਾਲਤੂ ਕੁੱਤੇ ਨੂੰ ਵੀ ਨਾਲ ਲੈ ਕੇ ਜਾਣਾ ਸੀ। ਇਸ ਲਈ ਉਸ ਨੇ ਪੂਰੇ ਬਿਜਨਸ ਕਲਾਸ ਨੂੰ ਹੀ ਬੁੱਕ ਕਰ ਲਿਆ। ਮੁੰਬਈ ਤੋਂ ਚੇਨਈ ਦੀ ਦੋ ਘੰਟੇ ਦੀ ਉਡਾਣ ’ਚ ਔਸਤਨ ਇਕ ਬਿਜਨਸ ਕਲਾਸ ਦੇ ਟਿਕਟ ਦੀ ਕੀਮਤ 18,000 ਰੁਪਏ ਤੋਂ 20,000 ਰੁਪਏ ਵਿਚਕਾਰ ਹੁੰਦੀ ਹੇ। ਵਰਤਮਾਨ ’ਚ ਏਅਰ ਇੰਡੀਆ ਕੁਝ ਸ਼ਰਤਾਂ ਤਹਿਤ ਪਾਲਤੂ ਜਾਨਵਰਾਂ ਨੂੰ ਆਪਣੀਆਂ ਉਡਾਣਾਂ ’ਚ ਯਾਤਰਾ ਕਰਨ ਦੀ ਆਗਿਆ ਦਿੰਦਾ ਹੈ।

ਪਾਲਤੂ ਜਾਨਵਰਾਂ ਨੇ ਪਹਿਲਾਂ ਵੀ ਏਅਰ ਇੰਡੀਆ ਦੇ ਬਿਜਨਸ ਕਲਾਸ ’ਚ ਯਾਤਰਾ ਕੀਤੀ ਹੈ, ਪਰ ਸ਼ਾਇਦ ਇਹ ਪਹਿਲੀ ਵਾਰ ਹੈ ਜਦੋਂ ਪੂਰੇ ਬਿਜਨਸ ਕਲਾਸ ਨੂੰ ਹੀ ਪਾਲਤੂ ਜਾਨਵਾਰ ਦੀ ਉਡਾਣ ਲਈ ਬੁੱਕ ਕੀਤਾ ਗਿਆ ਸੀ। ਅਜਿਹਾ ਹੀ ਇਕ ਮਾਮਲਾ ਪਹਿਲਾਂ ਵੀ ਸਾਹਮਣੇ ਆਇਆ ਸੀ, ਜਦੋਂ ਇਕ ਕੁੱਤੇ ਅਤੇ ਮਾਲਕ ਨੇ ਏਅਰ ਇੰਡੀਆ ਦੀ ਬੈਂਗਲੁਰੂ ਤੋਂ ਦਿੱਲੀ ਦੀ ਫਲਾਈਟ ’ਚ ਬਿਜਨਸ ਕਲਾਸ ’ਚ ਯਾਤਰਾ ਕੀਤੀ ਸੀ।

Posted By: Jagjit Singh