ਨਵੀਂ ਦਿੱਲੀ, ਏਐੱਨਆਈ : New Guideline for Unlock 1 : ਲਾਕਡਾਊਨ ਤੋਂ ਬਾਅਦ ਹੁਣ ਦੇਸ਼ ਹੌਲੀ-ਹੌਲੀ ਖੁੱਲ੍ਹ ਰਿਹਾ ਹੈ। 8 ਜੂਨ ਤੋਂ ਹੋਟਲ, ਰੈਸਟੋਰੈਂਟ ਤੇ ਧਾਰਮਿਕ ਸਥਾਨ ਆਮ ਲੋਕਾਂ ਲਈ ਖੁੱਲ੍ਹ ਜਾਣਗੇ, ਪਰ ਇੱਥੇ ਜਾਣ ਲਈ ਤੁਹਾਨੂੰ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਇਸ ਦੇ ਲਈ ਕੇਂਦਰ ਸਰਕਾਰ ਨੇ ਗਾਈਡਲਾਈਨ ਜਾਰੀ ਕਰ ਦਿੱਤੀ ਹੈ। ਦੱਸ ਦੇਈਏ ਕਿ ਗ੍ਰਹਿ ਮੰਤਰਾਲੇ ਨੇ ਕੰਟੇਨਮੈਂਟ ਜ਼ੋਨ ਨੂੰ ਛੱਡ ਕੇ ਦੇਸ਼ ਦੇ ਬਾਕੀ ਹਿੱਸਿਆਂ 'ਚ ਧਾਰਮਿਕ ਸਥਾਨਾਂ, ਮਾਲ, ਰੈਸਟੋਰੈਂਟ ਤੇ ਹੋਟਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ। ਅਨਲਾਕ-1 ਤਹਿਤ 8 ਜੂਨ ਤੋਂ ਇਨ੍ਹਾਂ ਥਾਵਾਂ ਨੂੰ ਖੋਲ੍ਹਣ ਦੀ ਸਰਕਾਰ ਨੇ ਇਜਾਜ਼ਤ ਦਿੱਤੀ ਸੀ।

ਦਫ਼ਤਰਾਂ ਲਈ ਗਾਈਡਲਾਈਨ

ਐਂਟਰੀ ਗੇਟ 'ਤੇ ਸੈਨੇਟਾਈਜ਼ਰ ਡਿਸਪੈਂਸਰ ਦਾ ਹੋਣਾ ਜ਼ਰੂਰੀ

ਦਫ਼ਤਰਾਂ ਦੇ ਐਂਟਰੀ ਗੇਟ 'ਤੇ ਸੈਨੇਟਾਈਜ਼ਰ ਡਿਸਪੈਂਸਰ ਹੋਣਾ ਜ਼ਰੂਰੀ ਹੈ। ਇੱਥੇ ਥਰਮਲ ਸਕ੍ਰੀਨਿੰਗ ਵੀ ਕੀਤੀ ਜਾਵੇ। ਸਿਰਫ਼ ਉਨ੍ਹਾਂ ਲੋਕਾਂ ਨੂੰ ਦਫ਼ਤਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ ਜਿਨ੍ਹਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਨਾ ਨਜ਼ਰ ਆਉਣ। ਕੰਟੇਨਮੈਂਟ ਜ਼ੋਨ 'ਚ ਰਹਿਣ ਵਾਲੇ ਸਟਾਫ ਨੂੰ ਆਪਣੇ ਸੁਪਰਵਾਈਜ਼ਰ ਨੂੰ ਇਸ ਸਬੰਧੀ ਜਾਣਕਾਰੀ ਦੇਣੀ ਪਵੇਗੀ। ਉਸ ਨੂੰ ਉਦੋਂ ਤਕ ਦਫ਼ਤਰ ਆਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ ਜਦੋਂ ਤਕ ਕੰਟੇਨਮੈਂਟ ਜ਼ੋਨ ਨੂੰ ਡੀ-ਨੋਟੀਫਾਈ ਨਾ ਕਰ ਦਿੱਤਾ ਜਾਵੇ।

ਕੰਟੇਨਮੈਂਟ ਜ਼ੋਨ 'ਚ ਰਹਿਣ ਵਾਲੇ ਡਰਾਈਵਰ ਗੱਡੀਆਂ ਨਾ ਚਲਾਉਣ

ਡਰਾਈਵਰਾਂ ਨੂੰ ਸਰੀਰਕ ਦੂਰੀ ਤੇ ਕੋਰੋਨਾ ਸਬੰਧੀ ਜਾਰੀ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਦਫ਼ਤਰ ਦੇ ਅਧਿਕਾਰੀ, ਟਰਾਂਸਪੋਰਟ ਸੇਵਾਵਾਂ ਦੇਣ ਵਾਲੇ ਇਹ ਯਕੀਨੀ ਬਣਾਉਣਗੇ ਕਿ ਕੰਟੇਨਮੈਂਟ ਜ਼ੋਨ 'ਚ ਰਹਿਣ ਵਾਲੇ ਡਰਾਈਵਰ ਗੱਡੀਆਂ ਨਾ ਚਲਾਉਣ। ਗੱਡੀ ਦੇ ਅੰਦਰ, ਉਸ ਦੇ ਦਰਵਾਜ਼ਿਆਂ, ਸਟਿਅਰਿੰਗ, ਚਾਬੀਆਂ ਦਾ ਪੂਰੀ ਤਰ੍ਹਾਂ ਡਿਸਇਨਫੈਕਟ ਹੋਣਾ ਜ਼ਰੂਰੀ ਹੈ। ਇਸ ਦਾ ਧਿਆਨ ਰੱਖਿਆ ਜਾਵੇ।

ਗਰਭਵਤੀ ਔਰਤਾਂ ਤੇ ਉਮਰਦਰਾਜ ਮੁਲਾਜ਼ਮਾਂ ਦਾ ਖ਼ਾਸ ਖ਼ਿਆਲ

ਗਰਭਵਤੀ ਔਰਤਾਂ, ਉਮਰਦਰਾਜ ਮੁਲਾਜ਼ਮ, ਪਹਿਲਾਂ ਤੋਂ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਮੁਲਾਜ਼ਮ ਜ਼ਿਆਦਾ ਧਿਆਨ ਰੱਖਣ। ਇਨ੍ਹਾਂ ਨੂੰ ਅਜਿਹਾ ਕੰਮ ਨਾ ਦਿੱਤਾ ਜਾਵੇ ਜਿਸ ਵਿਚ ਲੋਕਾਂ ਨਾਲ ਸਿੱਧਾ ਸੰਪਰਕ ਹੁੰਦਾ ਹੋਵੇ। ਦਫ਼ਤਰਾਂ ਦੀ ਮੈਨੇਜਮੈਂਟ ਜੇਕਰ ਸੰਭਵ ਹੋਵੇ ਤਾਂ ਅਜਿਹੇ ਲੋਕਾਂ ਨੂੰ ਵਰਕ ਫਰਾਮ ਹੋਮ ਦੀ ਸਹੂਲਤ ਦੇਵੇ। ਸਿਰਫ਼ ਉਨ੍ਹਾਂ ਲੋਕਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਜਿਨ੍ਹਾਂ ਨੇ ਫੇਸ ਮਾਸਕ ਪਾਇਆ ਹੋਵੇ। ਦਫ਼ਤਰ ਦੇ ਅੰਦਰ ਵੀ ਪੂਰਾ ਸਮਾਂ ਫੇਸ ਮਾਸਕ ਪਾਉਣਾ ਜ਼ਰੂਰੀ ਹੈ।

ਵਿਜ਼ੀਟਰਜ਼ ਦੀ ਆਮ ਐਂਟਰੀ, ਆਰਜ਼ੀ ਪਾਸ ਰੱਦ ਕੀਤੇ ਜਾਣ

ਦਫ਼ਤਰ 'ਚ ਵਿਜ਼ੀਟਰਜ਼ ਦੀ ਆਮ ਐਂਟਰੀ ਤੇ ਆਰਜ਼ੀ ਪਾਸ ਰੱਦ ਕੀਤੇ ਜਾਣ। ਸਿਰਫ਼ ਅਧਿਕਾਰਤ ਮਨਜ਼ੂਰੀ ਦੇ ਨਾਲ ਤੇ ਕਿਹੜੇ ਅਧਿਕਾਰੀ ਨੂੰ ਮਿਲਣਾ ਹੈ, ਇਸ ਜਾਣਕਾਰੀ ਤੋਂ ਬਾਅਦ ਵਿਜ਼ੀਟਰ ਨੂੰ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਉਸ ਦੀ ਪੂਰੀ ਸਕ੍ਰੀਨਿੰਗ ਕੀਤੀ ਜਾਵੇ। ਬੈਠਕਾਂ ਨੂੰ ਜਿੱਥੋਂ ਤਕ ਸੰਭਵ ਹੋ ਸਕੇ, ਵੀਡੀਓ ਕਾਨਫਰੰਸ ਜ਼ਰੀਏ ਕੀਤਾ ਜਾਵੇ। ਦਫ਼ਤਰਾਂ 'ਚ ਕੋਰੋਨਾ ਵਾਇਰਸ ਸੰਕ੍ਰਮਣ ਤੋਂ ਬਚਾਅ ਦੇ ਪੋਸਟਰ ਤੇ ਹੋਰਡਿੰਗ ਜਗ੍ਹਾ-ਜਗ੍ਹਾ ਲਗਾਏ ਜਾਣ।

ਧਾਰਮਿਕ ਸਥਾਨਾਂ ਲਈ ਗਾਈਡਲਾਈਨ

ਕੰਟਨੇਮੈਂਟ ਜ਼ੋਨਾਂ ਅੰਦਰ ਸਥਿਤ ਧਾਰਮਿਕ ਸਥਾਨ ਫਿਲਹਾਲ ਬੰਦ ਰਹਿਣਗੇ

ਕੰਟੇਨਮੈਂਟ ਜ਼ੋਨਾਂ ਅੰਦਰ ਸਥਿਤ ਧਾਰਮਿਕ ਸਥਾਨ ਫਿਲਹਾਲ ਬੰਦ ਰਹਿਣਗੇ ਜਦਕਿ ਇਸ ਦੇ ਬਾਹਰ ਸਥਿਤ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਮੰਤਰਾਲੇ ਦਾ ਕਹਿਣਾ ਹੈ ਕਿ ਪ੍ਰਾਰਥਨਾ ਵਾਲੀਆਂ ਥਾਵਾਂ 'ਤੇ ਅਕਸਰ ਵੱਡੀ ਗਿਣਤੀ ਲੋਕ ਪਹੁੰਚਦੇ ਹਨ। ਲਿਹਾਜ਼ਾ ਮਹੱਤਵਪੂਰਨ ਹੈ ਕਿ ਇਨ੍ਹਾਂ ਕੰਪਲੈਕਸਾਂ 'ਚ ਸਰੀਰਕ ਦੂਰੀ ਤੇ ਹੋਰ ਇਹਤਿਆਤੀ ਉਪਾਵਾਂ ਦੀ ਪਾਲਣਾ ਕੀਤੀ ਜਾਵੇ। ਐੱਸਓਪੀ ਮੁਤਾਬਿਕ ਧਾਰਮਿਕ ਸਥਾਨਾਂ 'ਤੇ ਰਿਕਾਰਡਡ ਭਗਤੀ ਸੰਗੀਤ ਵਜਾਇਆ ਜਾ ਸਕਦਾ ਹੈ, ਇਨਫੈਕਸ਼ਨ ਦੇ ਖ਼ਤਰੇ ਤੋਂ ਬਚਣ ਲਈ ਗਰੁੱਪ 'ਚ ਗਾਣ ਦੀ ਇਜਾਜ਼ਤ ਨਹੀਂ ਹੋਵੇਗੀ।

ਧਾਰਮਿਕ ਸਥਾਨਾਂ 'ਤੇ ਪ੍ਰਸਾਦ ਵਰਗੀ ਭੇਟ ਨਹੀਂ ਚੜ੍ਹਾਈ ਜਾਵੇਗੀ

ਸ਼ਰਧਾਲੂਆਂ ਨੂੰ ਧਾਰਮਿਕ ਸਥਾਨ 'ਤੇ ਜਨਤਕ ਆਸਨ ਇਸਤੇਮਾਲ ਕਰਨ ਦੀ ਥਾਂ ਆਪਣਾ ਆਸਨ ਜਾਂ ਚਟਾਈ ਲਿਆਉਣੀ ਪਵੇਗੀ ਤੇ ਉਸ ਨੂੰ ਆਪਣੇ ਨਾਲ ਹੀ ਵਾਪਸ ਲਿਜਾਣਾ ਪਵੇਗਾ। ਧਾਰਮਿਕ ਸਥਾਨਾਂ 'ਤੇ ਪ੍ਰਸਾਦ ਵਰਗੀਆਂ ਭੇਟਾਂ ਨਹੀਂ ਚੜ੍ਹੀਆਂ ਜਾਣਗੀਆਂ ਤੇ ਨਾ ਹੀ ਪਵਿੱਤਰ ਜਲ ਦਾ ਛਿੜਕਾਅ ਜਾਂ ਵੰਡਿਆ ਜਾਵੇਗਾ। ਭਾਈਚਾਰਕ ਰਸੋਈ, ਲੰਗਰ ਤੇ ਅੰਨ ਦਾਨ ਆਦਿ ਦੀ ਤਿਆਰੀ ਤੇ ਭੋਜਨ ਦੀ ਵੰਡ 'ਚ ਸਰੀਰਕ ਦੂਰੀ ਦੇ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇਗੀ।

ਹੈਂਡ ਸੈਨੇਟਾਈਜ਼ਰ ਤੇ ਥਰਮਲ ਸਕ੍ਰੀਨਿੰਗ ਜ਼ਰੂਰੀ

ਸਾਰੇ ਧਾਰਮਿਕ ਸਥਾਵਾਂ ਦੇ ਐਂਟਰੀ ਗੇਟ 'ਤੇ ਲਾਜ਼ਮੀ ਤੌਰ 'ਤੇ ਹੈਂਡ ਸੈਨੇਟਾਈਜ਼ਰ ਤੇ ਥਰਮਲ ਸਕ੍ਰੀਨਿੰਗ ਯਕੀਨੀ ਬਣਾਉਣਗੇ। ਇਸ ਤੋਂ ਇਲਾਵਾ ਉੱਥੇ ਸਿਰਫ਼ ਬਿਨਾਂ ਲੱਛਣਾਂ ਵਾਲੇ ਮਾਸਕ ਪਾਉਣ ਵਾਲੇ ਸ਼ਰਧਾਲੂਆਂ ਨੂੰ ਹੀ ਐਂਟਰੀ ਦੀ ਇਜਾਜ਼ਤ ਦਿੱਤੀ ਜਾਵੇਗੀ। ਸ਼ਰਧਾਲੂਆਂ ਨੂੰ ਸਾਬਣ ਨਾਲ ਹੱਥ-ਪੈਰ ਧੋ ਕੇ ਕੰਪਲੈਕਸ 'ਚ ਜਾਣ ਲਈ ਕਿਹਾ ਗਿਆ ਹੈ। ਧਾਰਮਿਕ ਸਥਾਨਾਂ 'ਤੇ ਮੂਰਤੀਆਂ ਤੇ ਧਾਰਮਿਕ ਪੁਸਤਕਾਂ ਨੂੰ ਛੂਹਣ ਦੀ ਇਜਾਜ਼ਤ ਨਹੀਂ ਹੋਵੇਗੀ। ਕੋਵਿਡ-19 ਇਹਤਿਆਤੀ ਉਪਾਵਾਂ ਬਾਰੇ ਆਡੀਓ-ਵੀਡੀਓ ਜ਼ਰੀਏ ਜਾਗਰੂਕਤਾ ਵੀ ਫੈਲਾਈ ਜਾਵੇਗੀ।

ਜੁੱਤੇ-ਚੱਪਲਾਂ ਆਪਣੇ ਵਾਹਨਾਂ 'ਚ ਹੀ ਉਤਾਰਨੇ ਪੈਣਗੇ

ਸੰਭਵ ਹੋਵੇ ਤਾਂ ਸ਼ਰਧਾਲੂ ਆਪਣੇ ਜੁੱਤੇ-ਚੱਪਲਾਂ ਨੂੰ ਆਪਣੇ ਵਾਹਨ 'ਚ ਹੀ ਉਤਾਰਨਗੇ। ਜ਼ਰੂਰਤ ਪੈਣ 'ਤੇ ਵਿਅਕਤੀ ਜਾਂ ਪਰਿਵਾਰ ਦੇ ਜੁੱਤੇ-ਚੱਪਲਾਂ ਨੂੰ ਸ਼ਰਧਾਲੂ ਵੱਲੋਂ ਖ਼ੁਦ ਵੱਖਰੇ ਸਲਾਟ 'ਚ ਰੱਖਿਆ ਜਾਵੇਗਾ। ਧਾਰਮਿਕ ਸਥਾਨ ਦੇ ਅੰਦਰ ਜਾਂ ਬਾਹਰ ਸਥਿਤ ਦੁਕਾਨਾਂ, ਸਟਾਲਾਂ ਤੇ ਕੈਫੇਟੇਰੀਆ 'ਚ ਸਰੀਰਕ ਦੂਰੀ ਦੇ ਮਾਪਦੰਡਾਂ ਦੀ ਹਰ ਸਮੇਂ ਪਾਲਣਾ ਕਰਨੀ ਪਵੇਗੀ। ਏਅਰ ਕੰਡੀਸ਼ਨ ਤੇ ਵੈਂਟੀਲੇਸ਼ਨ ਬਾਰੇ ਕਿਹਾ ਗਿਆ ਹੈ ਕਿ ਤਾਪਮਾਨ 24 ਤੋਂ 30 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਹੋਣਾ ਚਾਹੀਦਾ ਹੈ ਤੇ ਰਿਲੇਟਿਵ ਹਿਊਮੀਟਿਡੀ 40 ਤੋਂ 70 ਫ਼ੀਸਦੀ ਦੇ ਵਿਚਕਾਰ ਹੋਣੀ ਚਾਹੀਦੀ ਹੈ। ਧਾਰਮਿਕ ਸਥਾਨ ਪ੍ਰਬੰਧਨ ਨੂੰ ਨਿਯਮਤ ਰੂਪ 'ਚ ਫਰਸ਼ ਤੇ ਹੋਰ ਸਤ੍ਹਾ ਦੀ ਸਫ਼ਾਈ ਕਰਵੇਗੀ ਪਵੇਗੀ ਤੇ ਡਿਸਇਨਫੈਕਸ਼ਨ ਕਰਵਾਉਣਾ ਪਵੇਗਾ।

ਰੈਸਟੋਰੈਂਟ ਲਈ ਗਾਈਡਲਾਈਨ (SOPs for restaurants)

ਰੈਸਟੋਰੈਂਟ 'ਚ ਆ ਕੇ ਖਾਣਾ ਖਾਣ ਦੀ ਬਜਾਏ ਹੋਮ ਡਲਿਵਰੀ ਨੂੰ ਤਰਜੀਹ ਦਿੱਤੀ ਜਾਵੇ

ਕੰਟੇਨਮੈਂਟ ਜ਼ੋਨ 'ਚ ਰੈਸਟੋਰੈਂਟ ਬੰਦ ਰਹਿਣਗੇ। ਇਸ ਦੇ ਬਾਹਰ ਖੋਲ੍ਹੇ ਜਾ ਸਕਦੇ ਹਨ। ਰੈਸਟੋਰੈਂਟ 'ਚ ਆ ਕੇ ਖਾਣਾ ਖਾਣ ਦੀ ਬਜਾਏ ਹੋਮ ਡਲਿਵਰੀ ਨੂੰ ਹੱਲਾਸ਼ੇਰੀ ਦਿੱਤੀ ਜਾਵੇ। ਡਲਿਵਰੀ ਕਰਨ ਵਾਲੇ ਘਰ ਦੇ ਦਰਵਾਜ਼ੇ 'ਤੇ ਹੀ ਪੈਕਟ ਛੱਡ ਦੇਣ, ਹੈਂਡਓਵਰ ਨਾ ਕਰੋ। ਹੋਮ ਡਲਿਵਰੀ 'ਤੇ ਜਾਣ ਤੋਂ ਪਹਿਲਾਂ ਸਾਰੇ ਮੁਲਾਜ਼ਮਾਂ ਦੀ ਸਕ੍ਰੀਨਿੰਗ ਕੀਤੀ ਜਾਵੇ। ਰੈਸਟੋਰੈਂਟ ਦੇ ਗੇਟ 'ਤੇ ਹੈਂਡ ਸੈਨੇਡਾਈਜ਼ੇਸ਼ਨ ਤੇ ਥਰਮਲ ਸਕ੍ਰੀਨਿੰਗ ਦੇ ਇੰਤਜ਼ਾਮ ਹੋਣੇ ਚਾਹੀਦੇ ਹਨ। ਸਿਰਫ਼ ਬਿਨਾਂ ਲੱਛਣ ਵਾਲੇ ਸਟਾਫ ਤੇ ਗਾਹਕਾਂ ਨੂੰ ਹੀ ਰੈਸਟੋਰੈਂਟ 'ਚ ਪ੍ਰਵੇਸ਼ ਦਿੱਤਾ ਜਾਵੇ। ਮੁਲਾਜ਼ਮਾਂ ਨੂੰ ਮਾਸਕ ਲਗਾਉਣ ਜਾਂ ਫੇਸ ਕਵਰ ਕਰਨ 'ਤੇ ਹੀ ਅੰਦਰ ਐਂਟਰੀ ਦਿੱਤੀ ਜਾਵੇ ਤੇ ਉਹ ਪੂਰਾ ਸਮਾਂ ਇਸ ਨੂੰ ਪਹਿਨੀ ਰੱਖਣ।

ਕੋਰੋਨਾ ਦੀ ਰੋਕਥਾਮ ਨਾਲ ਜੁੜੇ ਪੋਸਟਰ ਤੇ ਇਸ਼ਤਿਹਾਰ ਲਗਾਓ

ਕੋਰੋਨਾ ਦੀ ਰੋਕਥਾਮ ਨਾਲ ਜੁੜੇ ਪੋਸਟਰ ਤੇ ਇਸ਼ਤਿਹਾਰ ਪ੍ਰਮੁੱਖਤਾ ਨਾਲ ਲਗਾਉਣੇ ਪੈਣਗੇ। ਰੈਸਟੋਰੈਂਟ 'ਚ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ 'ਚ ਰੱਖਦਿਆਂ ਸਟਾਫ ਨੂੰ ਬੁਲਾਇਆ ਜਾਵੇ। ਹਾਈ ਰਿਸਕ ਵਾਲੇ ਮੁਲਾਜ਼ਮਾਂ ਸਬੰਧੀ ਵਿਸ਼ੇਸ਼ ਇਹਤਿਆਤ ਵਰਤੀ ਜਾਵੇ। ਉਨ੍ਹਾਂ ਤੋਂ ਜ਼ਿਆਦਾ ਲੋਕਾਂ ਦੇ ਸੰਪਰਕ 'ਚ ਆਉਣ ਵਾਲੀ ਜਗ੍ਹਾ ਕੰਮ ਨਾ ਕਰਵਾਇਆ ਜਾਵੇ। ਸੰਭਵ ਹੋਵੇ ਤਾਂ ਮੁਲਾਜ਼ਮਾਂ ਨੂੰ ਵਰਕ ਫਰਾਮ ਹੋਮ ਲਈ ਉਤਸ਼ਾਹਤ ਕੀਤਾ ਜਾਵੇ।

ਗਾਹਕਾਂ ਦੇ ਆਉਣ ਤੇ ਜਾਣ ਲਈ ਵੱਖੋ-ਵੱਖਰੇ ਗੇਟ ਹੋਣੇ ਚਾਹੀਦੇ

ਰੈਸਟੋਰੈਂਟ 'ਚ ਗਾਹਕਾਂ ਦੇ ਆਉਣ-ਜਾਣ ਲਈ ਅਲੱਗ-ਅਲੱਗ ਗੇਟ ਹੋਣੇ ਚਾਹੀਦੇ ਹਨ। ਮੇਜ਼ਾਂ ਦੇ ਵਿਚਕਾਰ ਵੀ ਢੁਕਵੀਂ ਦੂਰੀ ਚਾਹੀਦੀ ਹੈ। ਰੈਸਟੋਰੈਂਟ 'ਚ 50 ਫ਼ੀਸਦੀ ਬੈਠਣ ਦੀ ਸਮਰੱਥਾ ਤੋਂ ਜ਼ਿਆਦਾ ਲੋਕ ਇਕੱਠੇ ਬੈਠ ਕੇ ਖਾਣਾ ਨਹੀਂ ਖਾ ਸਕਣਗੇ। ਰੈਸਟੋਰੈਂਟ ਖਾਣਾ ਖਵਾਉਣ ਲਈ ਡਿਸਪੋਜ਼ੇਬਲ ਦਾ ਇਸਤੇਮਾਲ ਕਰ ਸਕਦੇ ਹਨ। ਹੱਥ ਧੋਣ ਲਈ ਤੌਲੀਏ ਦੀ ਜਗ੍ਹਾ ਚੰਗੀ ਕੁਆਲਟੀ ਦੇ ਨੈਪਕਿਨ ਦਾ ਇਸਤੇਮਾਲ ਕੀਤਾ ਜਾਵੇ। ਗਾਹਕਾਂ ਤੇ ਰੈਸਟੋਰੈਂਟ ਨੂੰ ਬਫੇ ਸਰਵਿਸ ਦੌਰਾਨ ਵੀ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਣਾ ਪਵੇਗਾ। ਐਲੀਵੇਟਰਜ਼ 'ਚ ਇਕੱਠੇ ਜ਼ਿਆਦਾ ਲੋਕਾਂ ਦੇ ਜਾਣ ਦੀ ਪਾਬੰਦੀ ਹੋਵੇਗੀ।

ਸ਼ੌਪਿੰਗ ਮਾਲ ਲਈ ਇਹ ਹਨ ਗਾਈਡਲਾਈਨਜ਼ (SOPs for Malls)

ਸ਼ੌਪਿੰਗ ਮਾਲ 'ਚ ਦੁਕਾਨਦਾਰਾਂ ਨੂੰ ਭੀੜ ਜਮ੍ਹਾਂ ਹੋਣ ਤੋਂ ਰੋਕਣਾ ਪਵੇਗਾ ਤਾਂ ਜੋ ਸਰੀਰਕ ਦੂਰੀ ਦੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਸਰਕਾਰ ਨੇ ਕਿਹਾ ਕਿ ਐਲੀਵੇਟਰਾਂ 'ਤੇ ਵੀ ਲੋਕਾਂ ਦੀ ਸੀਮਤ ਗਿਣਤੀ ਤੈਅ ਕਰਨੀ ਪਵੇਗੀ। ਮਾਲਾਂ ਦੇ ਅੰਦਰ ਦੁਕਾਨਾਂ ਤਾਂ ਖੁੱਲ੍ਹਣਗੀਆਂ ਪਰ ਗੇਮਿੰਗ ਆਰਕੇਡਸ, ਬੱਚਿਆਂ ਦੇ ਖੇਡਣ ਦੀ ਜਗ੍ਹਾ ਤੇ ਸਿਨੇਮਾ ਹਾਲ ਬੰਦ ਰਹਿਣਗੇ। ਸ਼ੌਪਿੰਗ ਮਾਲਾਂ 'ਚ ਏਅਰ ਕੰਡੀਸ਼ਨਿੰਗ 24 ਤੋਂ 30 ਡਿਗਰੀ ਤੇ ਹਿਊਮਿਡਿਟੀ 40 ਤੋਂ 70 ਫ਼ੀਸਦੀ ਰੱਖਣ ਦੀ ਹਦਾਇਤ।

Posted By: Seema Anand