ਨਵੀਂ ਦਿੱਲੀ (ਏਜੰਸੀ) : ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ ਭਾਰਤ ਦੇ ਗਗਨਯਾਨ ਮਿਸ਼ਨ ਨੂੰ ਸਾਲ 2022 ਦੇ ਅੰਤ ਜਾਂ ਸਾਲ 2023 ਦੇ ਸ਼ੁਰੂ 'ਚ ਪੁਲਾੜ ਭੇਜੇ ਜਾਣ ਦੀ ਸੰਭਾਵਨਾ ਹੈ।

ਗਗਨਯਾਨ ਸਾਲ 2022 ਦੇ ਅੰਤ ਤਕ ਭੇਜਿਆ ਜਾਣਾ ਸੀ, ਪਰ ਕੋਵਿਡ-19 ਦੀ ਮਹਾਮਾਰੀ ਕਾਰਨ ਇਸ 'ਚ ਦੇਰ ਹੋਈ। ਇਸ ਮੁਹਿੰਮ ਦਾ ਲਕਸ਼ ਧਰਤੀ ਦੇ ਹੇਠਲੇ ਪੰਧ 'ਚ ਪੁਲਾੜ ਯਾਤਰੀ ਭੇਜਣਾ ਹੈ। ਉਨ੍ਹਾਂ ਕਿਹਾ ਕਿ ਅਸਲ 'ਚ ਅਸੀਂ ਇਸ ਨੂੰ ਸਾਲ 2022 'ਚ ਕਰ ਸਕਦੇ ਸੀ। ਅਸੀਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਨਾਲ ਇਹ ਕਰਨ ਦੀ ਯੋਜਨਾ ਬਣਾਈ ਸੀ, ਪਰ ਕੋਵਿਡ-19 ਕਾਰਨ ਅਜਿਹਾ ਨਹੀਂ ਹੋ ਸਕੇਗਾ। ਹਾਲਾਂਕਿ ਮੈਨੂੰ ਆਸ ਹੈ ਕਿ ਅਗਲੇ ਸਾਲ ਦੇ ਅੰਤ ਤਕ ਜਾਂ ਸਾਲ 2023 ਦੇ ਸ਼ੁਰੂ 'ਚ ਅਸੀਂ ਇਹ ਯਕੀਨੀ ਤੌਰ 'ਤੇ ਕਰ ਲਵਾਂਗੇ। ਸਰਕਾਰ ਮੁਤਾਬਕ ਅਕਾਦਮਿਕ ਅਦਾਰਿਆਂ ਨਾਲ ਜੁੜੇ ਚਾਰ ਜੈਵਿਕ ਤੇ ਦੋ ਸੂਖਮ ਗੁਰਤਾ ਤਜਰਬਿਆਂ ਦੀ ਚੋਣ ਗਗਨਯਾਨ ਪ੍ਰਰੋਗਰਾਮ ਲਈ ਕੀਤੀ ਗਈ ਹੈ।

ਪੁਲਾੜ ਵਿਭਾਗ ਦੇ ਰਾਜ ਮੰਤਰੀ ਫਿਊਚਰ ਆਫ ਇੰਡੀਆ-ਓਸੀਆਨੀਆ ਸਪੇਸ ਟੈਕਨਾਲੋਜੀ ਪਾਟਰਨਰਸ਼ਿਪ 'ਤੇ ਇਕ ਵੈਬੀਨਾਰ 'ਚ ਕਿਹਾ ਕਿ ਪੁਲਾੜ ਤਕਨੀਕ ਨੇ ਹਰ ਖੇਤਰ 'ਚ ਭੂਮਿਕਾ ਨਿਭਾਈ ਹੈ। ਇਹ ਆਫਤ ਮੈਨੇਜਮੈਂਟ 'ਚ ਵੀ ਮਦਦਗਾਰ ਹੈ। ਵੈਬੀਨਾਰ ਫੈਡਰੇਸ਼ਨ ਆਫ ਇੰਡੀਆ ਚੈਂਬਰਸ ਆਫ ਕਾਮਰਸ ਐਂਡ ਇੰਡਸਟਰੀ (ਫਿੱਕੀ) ਨੇ ਕੀਤਾ ਸੀ। ਮੰਤਰੀ ਨੇ ਕਿਹਾ ਕਿ ਤਿੰਨ ਭਾਰਤੀਆਂ ਨੂੰ ਪੁਲਾੜ ਭੇਜਣ 'ਚ ਪੁਲਾੜ ਔਸ਼ਧੀ ਦੀ ਵੱਡੀ ਭੁਮਿਕਾ ਹੈ। ਸਿੰਘ ਨੇ ਪੁਲਾੜ ਦੇ ਖੇਤਰ 'ਚ ਕੰਮ ਕਰਨ ਵਾਲੇ ਸਟਾਰਟਅਪ ਤੇ ਸਨਅਤਾਂ ਤਕ ਪਹੁੰਚ ਵਧਾਉਣ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ, ਆਸਟ੍ਰੇਲੀਆ ਤੇ ਪ੍ਰਸ਼ਾਂਤ ਟਾਪੂ ਦੇਸ਼ ਭਾਰਤ ਨਾਲ ਸਹਿਯੋਗ ਵਧਾਉਂਦੇ ਹੋਏ ਪੁਲਾੜ ਸਨਅਤ ਦੇ ਵਿਕਾਸ 'ਚ ਭਾਈਵਾਲੀ ਕਰ ਸਕਦੇ ਹਨ।