School Reopening Latest News : ਕੋਵਿਡ-19 ਮਹਾਮਾਰੀ ਤੋਂ ਸੁਰੱਖਿਆ ਦੇ ਮੱਦੇਨਜ਼ਰ ਦੇਸ਼ ਦੇ ਤਮਾਮ ਸਕੂਲਾਂ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ ਸੀ। ਇੱਥੋਂ ਤਕ ਕਿ 10ਵੀਂ ਤੇ 12ਵੀਂ ਦੀ ਪ੍ਰੀਖਿਆ ਵੀ ਰੱਦ ਕਰ ਦਿੱਤੀ ਗਈ ਸੀ। ਪਰ ਹੁਣ ਦੇਸ਼ ਵਿਚ ਕੋਰੋਨਾ ਦੀ ਦੂਸਰੀ ਲਹਿਰ 'ਤੇ ਲਗਾਮ ਕੱਸੀ ਜਾ ਚੁੱਕੀ ਹੈ ਤੇ ਜ਼ਿਆਦਾਤਰ ਸੂਬੇ ਹੁਣ ਅਨਲਾਕ ਵੱਲ ਵਧ ਰਹੇ ਹਨ। ਸੂਬਿਆਂ 'ਚ ਟੀਕਾਕਰਨ ਦਾ ਪ੍ਰੋਗਰਾਮ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ। ਪਰ ਮਾਪਿਆਂ ਤੇ ਬੱਚਿਆਂ ਦੇ ਮਨ ਵਿਚ ਇਹ ਸਵਾਲ ਵੀ ਹੈ ਕਿ ਆਖ਼ਰ ਸਕੂਲ ਕਦੋਂ ਖੋਲ੍ਹੇ ਜਾਣਗੇ?

ਸ਼ੁੱਕਰਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ (MHA) ਦੀ ਅਧਿਕਾਰਤ ਪ੍ਰੈੱਸ ਕਾਨਫਰੰਸ 'ਚ ਨੀਤੀ ਆਯੋਗ ਦੇ ਮੈਂਬਰ ਵੀਕੇ ਪਾਲ (VK Paul) ਨੇ ਸਕੂਲ ਖੋਲ੍ਹਣ ਸਬੰਧੀ ਫ਼ੈਸਲਾ ਲੈਂਦੇ ਹੋਏ ਕਿਹਾ ਕਿ ਸਕੂਲਾਂ ਨੂੰ ਦੁਬਾਰਾ ਉਦੋਂ ਹੀ ਖੋਲ੍ਹਿਆ ਜਾਵੇਗਾ ਜਦੋਂ ਜ਼ਿਆਦਾਤਰ ਅਧਿਆਪਕਾਂ ਨੂੰ ਟੀਕਾ ਲੱਗ ਜਾਵੇਗਾ, ਨਾਲ ਹੀ ਬੱਚਿਆਂ ਵਿਚ ਇਨਫੈਕਸ਼ਨ ਦੇ ਅਸਰ ਬਾਰੇ ਵਿਗਆਨਕ ਜਾਣਕਾਰੀ ਸਾਹਮਣੇ ਆਵੇਗੀ। ਇਹ ਸਮਾਂ ਬਹੁਤ ਹੀ ਜਲਦ ਆਉਣ ਵਾਲਾ ਹੈ। ਸਾਨੂੰ ਇਸ ਗੱਲ 'ਤੇ ਵੀ ਧਿਆਨ ਦੇਣਾ ਪਵੇਗਾ ਕਿ ਵਿਦੇਸ਼ਾਂ ਵਿਚ ਸਕੂਲ ਖੋਲ੍ਹੇ ਤਾਂ ਗਏ ਸਨ, ਪਰ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਬੰਦ ਵੀ ਕਰਨਾ ਪਿਆ ਸੀ। ਅਸੀਂ ਚਾਹੁੰਦੇ ਹਾਂ ਕਿ ਅਜਿਹੀ ਸਥਿਤੀ ਭਾਰਤ ਦੀ ਨਾ ਬਣੇ, ਅਸੀਂ ਆਪਣੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਅਜਿਹੀ ਸਥਿਤੀ ਵਿਚ ਨਹੀਂ ਦੇਖਣਾ ਚਾਹੁੰਦੇ। ਡਾ. ਪਾਲ ਨੇ ਸਪੱਸ਼ਟ ਕਿਹਾ ਕਿ ਜਦੋਂ ਤਕ ਸਾਨੂੰ ਇਹ ਵਿਸ਼ਵਾਸ ਨਹੀਂ ਹੋ ਜਾਂਦਾ ਕਿ ਹੁਣ ਮਹਾਮਾਰੀ ਸਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗੀ, ਉਦੋਂ ਤਕ ਅਸੀਂ ਅਜਿਹਾ ਕੋਈ ਕਦਮ ਨਹੀਂ ਚੁੱਕਾਂਗੇ।'

ਵਿਸ਼ਵ ਸਿਹਤ ਸੰਗਠਨ (WHO) ਤੇ ਏਮਜ਼ (AIIMS) ਦੇ ਹਾਲੀਆ ਸਰਵੇਖਣ ਦੇ ਸੰਦਰਭ ਵਿਚ ਡਾ. ਪਾਲ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਕੋਵਿਡ19 ਖਿਲਾਫ ਐਂਟੀਬਾਡੀ ਵਿਕਸਤ ਹੋ ਗਈ ਹੈ ਤੇ ਇਸ ਲਈ ਜੇਕਰ ਦੇਸ਼ ਵਿਚ ਕੋਈ ਤੀਸਰੀ ਲਹਿਰ ਆਉਂਦੀ ਹੈ ਤਾਂ ਉਹ ਇਸ ਤੋਂ ਪ੍ਰਭਾਵਿਤ ਨਹੀਂ ਹੋ ਸਕਦੇ। ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਸਕੂਲ ਖੁੱਲ੍ਹ ਸਕਦੇ ਹਨ ਤੇ ਬੱਚਿਆਂ ਨੂੰ ਹੁਣ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਜ਼ਰੂਰਤ ਨਹੀਂ ਹੈ।

ਡਾ. ਪਾਲ ਨੇ ਕਿਹਾ ਕਿ 'ਕਈ ਚੀਜ਼ਾਂ ਹਨ ਜਿਨ੍ਹਾਂ ਬਾਰੇ ਅਸੀਂ ਹਾਲੇ ਵੀ ਨਹੀਂ ਜਾਣਦੇ। ਸਕੂਲਾਂ ਨੂੰ ਮੁੜ ਖੋਲ੍ਹਣਾ ਇਕ ਵੱਖਰਾ ਵਿਸ਼ਾ ਹੈ ਕਿਉਂਕਿ ਇਹ ਨਾ ਸਿਰਫ ਵਿਦਿਆਰਥੀਆਂ ਬਾਰੇ ਹੈ, ਬਲਕਿ ਇਸ ਵਿਚ ਅਧਿਆਪਕ ਤੇ ਬਾਕੀ ਸਟਾਫ ਵੀ ਸ਼ਾਮਲ ਹਨ। ਕਈ ਚੀਜ਼ਾਂ ਹਨ ਵਿਚਾਰ ਕਰਨ ਲਈ ਕਿ ਜੇਕਰ ਵਾਇਰਸ ਆਪਣਾ ਰੂਪ ਬਦਲਦਾ ਹੈ ਤਾਂ ਅੱਜ ਇਹ ਬੱਚਿਆਂ ਵਿਚ ਹਲਕਾ ਹੈ ਪਰ ਕੀ ਹੋਵੇਗਾ ਜੇਕਰ ਇਹ ਕੱਲ੍ਹ ਗੰਭੀਰ ਹੋ ਜਾਵੇ।'

ਦੇਸ਼ ਵਿਚ ਕੋਵਿਡ-19 ਮਾਮਲਿਆਂ 'ਚ ਗਿਰਾਵਟ ਦੇ ਨਾਲ, ਜਿਵੇਂ-ਜਿਵੇਂ ਦੂਸਰੀ ਲਹਿਰ ਘਟ ਰਹੀ ਹੈ, ਸਰਕਾਰ ਨੇ ਇਕ ਵਾਰ ਫਿਰ ਦੁਹਰਾਇਆ ਹੈ ਕਿ ਮਹਾਮਾਰੀ ਹਾਲੇ ਖ਼ਤਮ ਨਹੀਂ ਹੋਈ ਹੈ। ਸਰਕਾਰ ਨੇ ਕਿਹਾ ਕਿ ਬੱਚਿਆਂ ਨੂੰ ਕੋਵਿਡ-19 ਦਾ ਜ਼ਿਆਦਾ ਜੋਖਮ ਨਹੀਂ ਹੋ ਸਕਦਾ, ਪਰ ਤਿਆਰੀ ਜ਼ਰੂਰੀ ਹੈ।

Posted By: Seema Anand