ਜੇਨੇਵਾ, ਪੀਟੀਆਈ : ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ (UNHRC) ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲਿਆਂ ਦੇ ਨਾਲ ਹੀ ਪ੍ਰਸ਼ਾਸਨ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਦੀ ਅਪੀਲ ਕੀਤੀ ਹੈ। ਕਮਿਸ਼ਨ ਨੇ ਕਿਹਾ ਹੈ ਕਿ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਦੇ ਹੋਏ ਨਿਆਸੰਗਤ ਹੱਲ ਲੱਭਣਾ ਅਹਿਮ ਹੈ। ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਦਫ਼ਤਰ ਨੇ ਟਵੀਟ ਕਰ ਕੇ ਕਿਹਾ ਹੈ ਕਿ ਪ੍ਰਦਰਸ਼ਨ ਕਰਨ ਵਾਲਿਆਂ ਦੇ ਹਿੱਤਾਂ ਦੀ ਰੱਖਿਆ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਦੋਵੇਂ ਧਿਰਾਂ ਸੰਜਮ ਬਣਾਈ ਰੱਖਣ।

ਦੱਸ ਦੇਈਏ ਕਿ ਖੇਤੀ ਸੈਕਟਰ 'ਚ ਸੁਧਾਰ ਲਈ ਲਿਆਂਦੇ ਗਏ ਤਿੰਨਾਂ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਹੱਦਾਂ 'ਤੇ ਦੋ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਅੰਦੋਲਨਕਾਰੀ ਕਿਸਾਨ ਜਮ੍ਹਾਂ ਹਨ। 26 ਜਨਵਰੀ ਨੂੰ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਵਿਚ ਲਾਲ ਕਿਲ੍ਹੇ ਤੇ ਹੋਰ ਕਈ ਥਾਵਾਂ 'ਤੇ ਕਾਫੀ ਹੰਗਾਮਾ ਕੀਤਾ ਸੀ। ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਚੱਕਾ ਜਾਮ ਦਾ ਵੀ ਸੱਦਾ ਦਿੱਤਾ ਹੋਇਆ ਹੈ।

ਰੇੜਕਾ ਖ਼ਤਮ ਕਰਨ 'ਤੇ ਵਿਰੋਧੀ ਧਿਰਾਂ ਕਰ ਰਹੀਆਂ ਵਿਚਾਰ

ਲੋਕ ਸਭਾ 'ਚ ਪਹਿਲਾ ਹਫ਼ਤਾ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਵਿਰੋਧੀ ਧਿਰਾਂ ਦੇ ਹੰਗਾਮੇ ਦੇ ਨਾਂ ਰਿਹਾ। ਵਿਰੋਧੀ ਧਿਰਾਂ ਕਿਸਾਨਾਂ ਦੇ ਮੁੱਦੇ 'ਤੇ ਸਦਨ 'ਚ ਬਹਿਸ ਕਰਵਾਉਣ ਦੀ ਮੰਗ 'ਤੇ ਅੜੀਆਂ ਰਹੀਆਂ ਤੇ ਸਰਕਾਰ ਨੇ ਵੀ ਵਿਰੋਧੀ ਧਿਰਾਂ ਦੇ ਦਬਾਅ 'ਚ ਆਉਣ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਵਿਰੋਧੀ ਧਿਰਾਂ ਦੇ ਹੰਗਾਮੇ ਕਾਰਨ ਸਦਨ ਦਾ ਕੰਮਕਾਜ ਠੱਪ ਹੋਇਆ। ਇਸ ਦੌਰਾਨ, ਸਰਕਾਰ ਤੇ ਵਿਰੋਧੀ ਧਿਰ ਦੇ ਵਿਚਕਾਰ ਹੋਈਆਂ ਕਈ ਬੈਠਕਾਂ ਤੋਂ ਬਾਅਦ ਸੋਮਵਾਰ ਨੂੰ ਰੇੜਕਾ ਖ਼ਤਮ ਹੋਣ ਦੇ ਆਸਾਰ ਹਨ।

Posted By: Seema Anand