ਲੰਡਨ (ਏਜੰਸੀਆਂ) : ਬਰਤਾਨੀਆ ਤੋਂ ਬਾਅਦ ਹੁਣ ਰੂਸ 'ਚ ਵੀ ਰੋਜ਼ਾਨਾ ਦੇ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਇਹ ਦੋਵੇਂ ਦੇਸ਼ ਕੋਰੋਨਾ ਮਹਾਮਾਰੀ ਦੀਆਂ ਦੋ ਲਹਿਰਾਂ ਦਾ ਸਾਹਮਣਾ ਕਰ ਚੁੱਕੇ ਹਨ। ਰੂਸ 'ਚ ਤਿੰਨ ਮਹੀਨਿਆਂ ਬਾਅਦ ਸ਼ੁੱਕਰਵਾਰ ਨੂੰ 12 ਹਜ਼ਾਰ 505 ਨਵੇਂ ਮਾਮਲੇ ਪਾਏ ਗਏ, ਜਦਕਿ ਦੁਨੀਆ ਭਰ 'ਚ ਬੀਤੇ 24 ਘੰਟਿਆਂ ਵਿਚ ਕਰੀਬ ਸਾਢੇ ਚਾਰ ਲੱਖ ਨਵੇਂ ਇਨਫੈਕਟਿਡ ਮਿਲੇ ਅਤੇ ਸਾਢੇ 11 ਹਜ਼ਾਰ ਪੀੜਤਾਂ ਦੀ ਮੌਤ ਹੋਈ।

ਰੂਸੀ ਕੋਰੋਨਾ ਟਾਸਕ ਫੋਰਸ ਮੁਤਾਬਕ, ਦੇਸ਼ 'ਚ 24 ਘੰਟਿਆਂ ਵਿਚ 396 ਮਰੀਜ਼ਾਂ ਦੇ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਕੁਲ ਗਿਣਤੀ ਇਕ ਲੱਖ 25 ਹਜ਼ਾਰ 674 ਹੋ ਗਈ ਹੈ, ਜਦਕਿ ਕੁਲ ਮਾਮਲੇ 51 ਲੱਖ 80 ਹਜ਼ਾਰ 454 ਹੋ ਗਏ ਹਨ। ਇਧਰ, ਬਰਤਾਨੀਆ 'ਚ ਬੀਤੇ 24 ਘੰਟਿਆਂ ਦੌਰਾਨ 7,393 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ। ਇਕ ਦਿਨ ਪਹਿਲਾਂ 7,540 ਨਵੇਂ ਮਾਮਲੇ ਪਾਏ ਗਏ ਸਨ। ਇਸ ਦੇਸ਼ 'ਚ ਬੀਤੇ ਫਰਵਰੀ ਮਹੀਨੇ ਤੋਂ ਬਾਅਦ ਇਕ ਦਿਨ 'ਚ ਪਹਿਲੀ ਵਾਰ ਏਨੀ ਵੱਡੀ ਗਿਣਤੀ 'ਚ ਨਵੇਂ ਇਨਫੈਕਟਿਡ ਪਾਏ ਗਏ। ਬਰਤਾਨੀਆ 'ਚ ਕੁਲ ਮਾਮਲੇ 45 ਲੱਖ 42 ਹਜ਼ਾਰ 986 ਹੋ ਗਏ ਹਨ। ਇਕ ਲੱਖ 27 ਹਜ਼ਾਰ 867 ਮਰੀਜ਼ਾਂ ਦੀ ਜਾਨ ਗਈ ਹੈ। ਇੱਥੇ ਕੋਰੋਨਾ ਦੇ ਡੈਲਟਾ ਵੇਰੀਐਂਟ ਦਾ ਕਹਿਰ ਵਧ ਗਿਆ ਹੈ।

ਜਾਪਾਨ 'ਚ ਓਲੰਪਿਕ ਤਕ ਬਣੀਆਂ ਰਹਿ ਸਕਦੀਆਂ ਹਨ ਕੁਝ ਪਾਬੰਦੀਆਂ

ਜਾਪਾਨ ਦੀ ਸਰਕਾਰ ਜੁਲਾਈ 'ਚ ਓਲੰਪਿਕ ਦੀ ਮੇਜ਼ਬਾਨੀ ਕਰਨ ਵਾਲੇ ਟੋਕੀਓ ਸਮੇਤ ਕਈ ਸੂਬਿਆਂ ਵਿਚ ਐਮਰਜੈਂਸੀ ਖ਼ਤਮ ਕਰਨ 'ਤੇ ਵਿਚਾਰ ਕਰ ਰਹੀ ਹੈ ਪਰ ਓਲੰਪਿਕ ਤਕ ਕੁਝ ਪਾਬੰਦੀਆਂ ਨੂੰ ਬਣਾਏ ਰੱਖਿਆ ਜਾ ਸਕਦਾ ਹੈ। ਕੋਰੋਨਾ ਇਨਫੈਕਸ਼ਨ ਦੀ ਰੋਕਥਾਮ ਲਈ ਇਹ ਕਦਮ ਉਠਾਏ ਗਏ ਹਨ। ਬਾਰ ਤੇ ਰੈਸਟੋਰੈਂਟਾਂ ਨੂੰ ਰਾਤ 8 ਵਜੇ ਤਕ ਬੰਦ ਕਰਨ ਦਾ ਆਦੇਸ਼ ਦਿੱਤਾ ਗਿਆ ਹੈ। ਇਨ੍ਹਾਂ ਸਥਾਨਾਂ 'ਤੇ ਸ਼ਰਾਬ ਪਰੋਸਣ 'ਤੇ ਵੀ ਰੋਕ ਹੈ। ਇਨ੍ਹਾਂ ਪਾਬੰਦੀਆਂ ਨੂੰ ਜਾਰੀ ਰੱਖਿਆ ਜਾ ਸਕਦਾ ਹੈ।

ਇੱਥੇ ਰਿਹਾ ਇਹ ਹਾਲ

ਸ੍ਰੀਲੰਕਾ : 24 ਘੰਟੇ 'ਚ ਸਭ ਤੋਂ ਜ਼ਿਆਦਾ 101 ਪੀੜਤਾਂ ਦੇ ਦਮ ਤੋੜਨ ਨਾਲ ਮਰਨ ਵਾਲਿਆਂ ਦੀ ਗਿਣਤੀ ਦੋ ਹਜ਼ਾਰ ਤੋਂ ਜ਼ਿਆਦਾ ਹੋ ਗਈ। ਇੱਥੇ ਕੁਲ ਦੋ ਲੱਖ 17 ਹਜ਼ਾਰ ਕੇਸ ਮਿਲੇ ਹਨ।

ਸਿੰਗਾਪੁਰ : ਕੋਰੋਨਾ ਇਨਫੈਕਸ਼ਨ ਘੱਟ ਹੋਣ 'ਤੇ ਸਰਕਾਰ ਨੇ ਦੋ ਪੜਾਵਾਂ ਵਿਚ ਪਾਬੰਦੀਆਂ 'ਚ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਹ ਕਦਮ ਅਗਲੇ ਹਫ਼ਤੇ ਤੋਂ ਚੁੱਕੇ ਜਾਣਗੇ।

ਚੀਨ : 1.40 ਅਰਬ ਦੀ ਆਬਾਦੀ ਵਾਲੇ ਦੇਸ਼ ਵਿਚ 60 ਕਰੋੜ ਲੋਕਾਂ ਨੂੰ ਟੀਕਾ ਲੱਗ ਚੁੱਕਾ ਹੈ ਪਰ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਲੋਕਾਂ ਦਾ ਟੀਕਾਕਰਨ ਪੂਰਾ ਹੋਇਆ ਹੈ।