ਨਵੀਂ ਦਿੱਲੀ (ਏਜੰਸੀ) : ਯੂਜੀਸੀ ਨੇ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਪੱਤਰ ਲਿਖ ਕੇ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਕੋਈ ਵੀ ਅਧਿਕਾਰੀ ਤੇ ਵਿਭਾਗ ਦਾ ਮੈਂਬਰ ਵਿਦਿਆਰਥੀਆਂ ਦੇ ਕਿਸੇ ਫਿਰਕੇ ਜਾਂ ਵਰਗ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਨਾ ਕਰੋ। ਕਮਿਸ਼ਨ ਨੇ ਯੂਨੀਵਰਸਿਟੀਆਂ ਤੋਂ ਸਾਲ 2020-21 ਦੌਰਾਨ ਮਿਲੀਆਂ ਜਾਤੀ ਅਧਾਰਿਤ ਵਿਤਕਰੇ ਦੀਆਂ ਸ਼ਿਕਾਇਤਾਂ ਤੇ ਉਨ੍ਹਾਂ ’ਤੇ ਕਾਰਵਾਈ ਦੀ ਜਾਣਕਾਰੀ ਮੰਗੀ ਹੈ।

ਯੂਜੀਸੀ ਦੇ ਸਕੱਤਰ ਰਜਨੀਸ਼ ਜੈਨ ਨੇ ਸਾਰੇ ਕੁਲਪਤੀਆਂ ਨੂੰ ਲਿਖੇ ਪੱਤਰ ’ਚ ਕਿਹਾ ਹੈ ਕਿ ਅਧਿਕਾਰੀਆਂ ਦੇ ਵਿਭਾਗਾਂ ਦੇ ਮੈਂਬਰਾਂ ਨੂੰ ਐੱਸਸੀ ਤੇ ਐੱਸਟੀ ਵਿਦਿਆਰਥੀਆਂ ਖ਼ਿਲਾਫ਼ ਵਿਤਕਰੇ ਦੇ ਕਿਸੇ ਵੀ ਕਾਰੇ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਯੂਨੀਵਰਸਿਟੀਆਂ, ਅਦਾਰੇ ਜਾਂ ਕਾਲਜ ਐੱਸਸੀ ਤੇ ਐੱਸਟੀ ਵਿਦਿਆਰਥੀਆਂ ਵੱਲੋਂ ਜਾਤੀ ਵਿਤਕਰੇ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਆਪਣੀ ਵੈਬਸਾਈਟ ’ਤੇ ਇਕ ਪੇਜ ਬਣਾ ਸਕਦੇ ਹਨ ਤੇ ਰਜਿਸਟਰਾਰ ਤੇ ਪ੍ਰਿੰਸੀਪਲ ਦਫ਼ਤਰਾਂ ’ਚ ਇਸ ਮਕਸਦ ਨਾਲ ਇਕ ਸ਼ਿਕਾਇਤ ਰਜਿਸਟਰ ਵੀ ਰੱਖ ਸਕਦੇ ਹਨ। ਅਧਿਕਾਰੀਆਂ ਦੇ ਨੋਟਿਸ ’ਚ ਜੇਕਰ ਅਜਿਹੀ ਕੋਈ ਘਟਨਾ ਆਉਂਦੀ ਹੈ ਤਾਂ ਗ਼ਲਤੀ ਕਰਨ ਵਾਲੇ ਅਧਿਕਾਰੀ ਤੇ ਵਿਭਾਗ ਦੇ ਮੈਂਬਰ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਕਮਿਸ਼ਨ ਨੇ ਕਿਹਾ ਕਿ ਐੱਸਸੀ, ਐੱਸਟੀ ਤੇ ਓਬੀਸੀ ਵਿਦਿਆਰਥੀ, ਅਧਿਆਪਕਾਂ ਤੇ ਗ਼ੈਰ ਵਿੱਦਿਅਕ ਮੁਲਾਜ਼ਮਾਂ ਤੋਂ ਹਾਸਲ ਵਿਤਕਰੇ ਦੀਆਂ ਸ਼ਿਕਾਇਤਾਂ ਦੀ ਜਾਂਚ ਲਈ ਯੂਨੀਵਰਸਿਟੀਆਂ ਇਕ ਕਮੇਟੀ ਵੀ ਗਠਿਤ ਕਰ ਸਕਦੀਆਂ ਹਨ।

Posted By: Tejinder Thind