ਸਟੇਟ ਬਿਊਰੋ, ਸ੍ਰੀਨਗਰ : ਸੁਰੱਖਿਆ ਦਸਤਿਆਂ ਨੇ ਮੰਗਲਵਾਰ ਨੂੰ ਦੱਖਣੀ ਕਸ਼ਮੀਰ ਦੇ ਵਗਹਾਮਾ (ਅਨੰਤਨਾਗ) 'ਚ ਦੋ ਅੱਤਵਾਦੀਆਂ ਨੂੰ ਮੁਕਾਬਲੇ 'ਚ ਮਾਰ ਸੁੱਟਿਆ। ਇਨ੍ਹਾਂ ਦੋਵੇਂ ਅੱਤਵਾਦੀਆਂ ਦਾ ਸਬੰਧ ਇਸਲਾਮਿਕ ਸਟੇਟ ਆਫ ਜੰਮੂ ਕਸ਼ਮੀਰ (ਆਈਐੱਸਜੇਕੇ) ਨਾਲ ਦੱਸਿਆ ਜਾਂਦਾ ਹੈ। ਪਿਛਲੇ 24 ਘੰਟਿਆਂ 'ਚ ਅਨੰਤਨਾਗ 'ਚ ਦੋ ਵੱਖ-ਵੱਖ ਮੁਕਾਬਲਿਆਂ 'ਚ ਪੰਜ ਅੱਤਵਾਦੀ ਮਾਰੇ ਗਏ ਹਨ। ਸੋਮਵਾਰ ਨੂੰ ਹੀ ਅਨੰਤਨਾਗ ਦੇ ਰੂਨੀਪੋਰਾ 'ਚ ਹਿਜ਼ਬੁਲ ਕਮਾਂਡਰ ਸਮੇਤ ਤਿੰਨ ਅੱਤਵਾਦੀ ਮਾਰੇ ਸਨ। ਇਨ੍ਹਾਂ ਨੂੰ ਮਿਲਾ ਕੇ ਸਿਰਫ਼ ਜੂਨ ਮਹੀਨੇ 'ਚ ਹੀ ਸੁਰੱਖਿਆ ਦਸਤਿਆਂ ਨੇ ਵਾਦੀ 'ਚ 46 ਅੱਤਵਾਦੀ ਢੇਰ ਕੀਤੇ ਹਨ।

ਪੁਲਿਸ ਨੂੰ ਤੜਕੇ ਹੀ ਪਤਾ ਲੱਗਾ ਸੀ ਕਿ ਪਿਛਲੇ ਸ਼ੁੱਕਰਵਾਰ ਨੂੰ ਬਿਜਬਿਹਾੜਾ 'ਚ ਸੀਆਰਪੀਐੱਫ ਮੁਲਾਜ਼ਮ ਤੇ ਇਕ ਛੇ ਸਾਲਾ ਬੱਚੇ ਦੀ ਹੱਤਿਆ 'ਚ ਸ਼ਾਮਲ ਅੱਤਵਾਦੀ ਵਗਹਾਮਾ 'ਚ ਆਪਣੇ ਕਿਸੇ ਸੰਪਰਕ ਸੂਤਰ ਕੋਲ ਰੁਕੇ ਹੋਏ ਹਨ। ਪੁਲਿਸ ਨੇ ਬਿਨਾ ਸਮਾਂ ਗੁਆਏ ਫੌਜ ਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਮਿਲ ਕੇ ਅੱਤਵਾਦੀਆਂ ਨੂੰ ਫੜਨ ਲਈ ਕਾਰਵਾਈ ਕੀਤੀ। ਜਵਾਨਾਂ ਨੇ ਜਿਵੇਂ ਹੀ ਪਿੰਡ 'ਚ ਘੇਰਾਬੰਦੀ ਕਰਦੇ ਹੋਏ ਅੱਗੇ ਵਧਣ ਦੀ ਕੋਸ਼ਿਸ਼ ਕੀਤੀ, ਅੱਤਵਾਦੀਆਂ ਨੂੰ ਪਤਾ ਲੱਗ ਗਿਆ। ਇਸ 'ਤੇ ਅੱਤਵਾਦੀਆਂ ਨੇ ਘੇਰਾਬੰਦੀ ਤੋੜ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹੋਏ ਜਵਾਨਾਂ 'ਤੇ ਗੋਲੀਬਾਰੀ ਵੀ ਕੀਤੀ। ਜਵਾਨਾਂ ਨੇ ਵੀ ਖੁਦ ਨੂੰ ਬਚਾਉਂਦੇ ਹੋਏ ਜਵਾਬੀ ਕਾਰਵਾਈ ਕਰ ਕੇ ਅੱਤਵਾਦੀਆਂ ਨੂੰ ਮੁਕਾਬਲੇ 'ਚ ਉਲਝਾ ਦਿੱਤਾ।

ਸੂਤਰਾਂ ਨੇ ਕਿਹਾ ਕਿ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਪਹਿਲੀ ਗੋਲੀ ਚੱਲੀ ਸੀ। ਇਸ ਤੋਂ ਬਾਅਦ ਦੋਵੇਂ ਪਾਸਿਓਂ ਲਗਪਗ ਡੇਢ ਘੰਟੇ ਤਕ ਰੁਕ-ਰੁਕ ਕੇ ਗੋਲੀਬਾਰੀ ਹੋਈ। ਸੁਰੱਖਿਆ ਦਸਤਿਆਂ ਨੇ ਅੱਤਵਾਦੀਆਂ ਨੂੰ ਸਮਰਪਣ ਕਰਨ ਲਈ ਵੀ ਕਿਹਾ ਪਰ ਉਹ ਗੋਲੀ ਚਲਾਉਂਦੇ ਰਹੇ। ਆਖਰ ਅੱਤਵਾਦੀਆਂ ਵਲੋਂ ਜਦੋਂ ਫਾਇਰਿੰਗ ਬੰਦ ਹੋ ਗਈ ਤਾਂ ਜਵਾਨਾਂ ਨੇ ਮੁਕਾਬਲੇ ਵਾਲੀ ਥਾਂ ਦੀ ਤਲਾਸ਼ੀ ਲਈ। ਇਸ ਦੌਰਾਨ ਦੋ ਅੱਤਵਾਦੀਆਂ ਦੀਆਂ ਲਾਸ਼ਾਂ ਮਿਲੀਆਂ। ਅੱਤਵਾਦੀਆਂ ਤੋ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ।