ਗੰਗਟੋਕ (ਏਜੰਸੀ) : ਸਿੱਕਮ ਡੈਮੋਕ੍ਰੇਟਿਕ ਫਰੰਟ (ਐੱਸਡੀਐੱਫ) ਨੂੰ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਵੱਡਾ ਝਟਕਾ ਲੱਗਿਆ। ਪਾਰਟੀ ਦੇ ਦੋ ਵਿਧਾਇਕ ਸੱਤਾਧਾਰੀ ਸਿੱਕਮ ਕ੍ਰਾਂਤੀਕਾਰੀ ਮੋਰਚੇ (ਐੱਮਕੇਐੱਮ) 'ਚ ਸ਼ਾਮਲ ਹੋ ਗਏ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਐੱਸਡੀਐੱਫ ਦੇ ਦਸ ਵਿਧਾਇਕ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਸੂਬੇ ਵਿਚ 25 ਸਾਲ ਤੱਕ ਸ਼ਾਸਨ ਕਰਨ ਵਾਲੀ ਐੱਸਡੀਐੱਫ ਦੇ ਵਿਧਾਨ ਸਭਾ ਵਿਚ ਇਕੱਲੇ ਵਿਧਾਇਕ ਪਵਨ ਕੁਮਾਰ ਚਾਮਲਿੰਗ ਰਹਿ ਗਏ ਹਨ। 1993 ਵਿਚ ਉਨ੍ਹਾਂ ਨੇ ਪਾਰਟੀ ਦੀ ਸਥਾਪਨਾ ਕੀਤੀ ਸੀ। ਉਹ ਪਿਛਲੇ 26 ਸਾਲਾਂ ਤੋਂ ਪਾਰਟੀ ਦੇ ਪ੍ਰਧਾਨ ਹਨ।

ਵਿਧਾਇਕ ਜੀਟੀ ਧੁੰਗਲ ਅਤੇ ਇਮ ਪ੍ਰਸਾਦ ਸ਼ਰਮਾ ਨੇ ਬੁੱਧਵਾਰ ਨੂੰ ਕਾਨਫਰੰਸ ਕਰ ਕੇ ਐੱਸਕੇਐੱਮ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਅਸੀਂ ਐੱਸਕੇਐੱਮ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ, ਕਿਉਂਕਿ ਅਸੀਂ ਇਸ ਦੀ ਅਗਵਾਈ ਅਤੇ ਨੀਤੀ ਨਾਲ ਸਹਿਜ ਮਹਿਸੂਸ ਕਰਦੇ ਹਾਂ। ਸਾਡਾ ਮੰਨਣਾ ਹੈ ਕਿ ਐੱਸਕੇਐੱਮ ਹੀ ਇਕੱਲਾ ਖੇਤਰੀ ਦਲ ਹੈ ਜੋ ਸਥਾਨਕ ਲੋਕਾਂ ਦੇ ਹਿੱਤਾਂ ਦੀ ਅਗਵਾਈ ਕਰਦਾ ਹੈ। ਖਾਸ ਗੱਲ ਇਹ ਹੈ ਕਿ ਐੱਸਕੇਐੱਮ ਵਿਚ ਸ਼ਾਮਲ ਹੋਣ ਵਾਲੇ ਇਨ੍ਹਾਂ ਦੋਵੇਂ ਵਿਧਾਇਕਾਂ ਨੇ ਕੁਝ ਦਿਨ ਪਹਿਲਾ ਐੱਸਡੀਐੱਫ ਦੀ ਅਗਵਾਈ ਦੇ ਖਿਲਾਫ਼ ਵਿਦਰੋਹ ਕਰਦੇ ਹੋਏ ਬਜਟ ਸੈਸ਼ਨ ਵਿਚ ਹਿੱਸਾ ਲਿਆ ਸੀ। ਇਨ੍ਹਾਂ ਲੋਕਾਂ ਨੇ ਵਿਧਾਨ ਸਭਾ ਪ੍ਰਧਾਨ ਐੱਲਬੀ ਦਾਸ ਤੋਂ ਐੱਸਡੀਐੱਫ-2 ਦੇ ਰੂਪ ਅਲੱਗ ਸੀਟ ਦਿੱਤੇ ਜਾਣ ਦੀ ਮੰਗ ਕੀਤੀ ਸੀ, ਜਿਸ ਨੂੰ ਬਾਅਦ ਵਿਚ ਮਨ ਲਿਆ ਗਿਆ ਸੀ।

32 ਮੈਂਬਰੀ ਸਿੱਕਮ ਵਿਧਾਨ ਸਭਾ ਵਿਚ 17 ਵਿਧਾਇਕ ਐੱਸਕੇਐੱਮ ਅਤੇ 15 ਵਿਧਾਇਕ ਐੱਸਡੀਐੱਫ ਦੇ ਸਨ। ਹਾਲਾਂਕਿ ਐੱਸਡੀਐੱਫ ਦੇ ਦੋ ਅਤੇ ਐੱਸਕੇਐੱਮ ਦਾ ਇਕ ਵਿਧਾਇਕ ਦੋ-ਦੋ ਨਾਮਜ਼ਦ ਖੇਤਰਾਂ ਤੋਂ ਚੁਣੇ ਗਏ ਸਨ। ਇਸ ਤਰ੍ਹਾਂ ਤਿੰਨ ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣੀਆਂ ਹਨ। ਦੋ ਐੱਸਡੀਐੱਫ ਵਿਧਾਇਕਾਂ ਦੇ ਸ਼ਾਮਲ ਹੋਣ ਤੋਂ ਬਾਅਦ ਸੱਤਾਧਾਰੀ ਐੱਸਕੇਐੱਮ ਦੇ ਵਿਧਾਇਕਾਂ ਦੀ ਗਿਣਤੀ 18 ਹੋ ਗਈ ਹੈ। ਉਥੇ ਅਪ੍ਰਰੈਲ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਇਕ ਵੀ ਸੀਟ ਨਹੀਂ ਜਿੱਤ ਪਾਉਣ ਵਾਲੀ ਭਾਜਪਾ ਐੱਸਡੀਐੱਫ ਦੇ 10 ਵਿਧਾਇਕਾਂ ਦੇ ਪਾਰਟੀ ਬਦਲਣ ਤੋਂ ਬਾਅਦ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਦਲ ਬਣ ਗਈ ਹੈ।