ਸਟੇਟ ਬਿਊਰੋ, ਮੁੰਬਈ : ਮੁੰਬਈ ਨਾਲ ਲੱਗਦੇ ਪਾਲਘਰ ਜ਼ਿਲ੍ਹੇ 'ਚ ਵੀਰਵਾਰ ਰਾਤ ਮੁੜ ਦੋ ਸਾਧੂਆਂ 'ਤੇ ਹਮਲਾ ਹੋਇਆ। ਤਿੰਨ ਹਥਿਆਰਬੰਦ ਹਮਲਾਵਰਾਂ ਨੇ ਇਕ ਮੰਦਰ 'ਤੇ ਹਮਲਾ ਕਰ ਕੇ ਉਥੇ ਰਹਿ ਦੋ ਸਾਧੂਆਂ ਨੂੰ ਜ਼ਖ਼ਮੀ ਕਰ ਦਿੱਤਾ ਤੇ ਕਰੀਬ 6800 ਰੁਪਏ ਲੁੱਟ ਲਏ। ਇਸ ਘਟਨਾ 'ਚ ਸ਼ਾਮਲ ਇਕ ਹਮਲਾਵਰ ਨੂੰ ਗਿ੍ਫ਼ਤਾਰ ਕਰ ਗਿਆ ਹੈ।

ਪਾਲਘਰ ਦੇ ਵਸਈ ਤਾਲੁਕਾ ਸਥਿਤ ਬਾਲੀਵਾਲੀ ਪਿੰਡ 'ਚ ਕਰੀਬ 12.30 ਵਜੇ ਤਿੰਨ ਹਥਿਆਰਬੰਦ ਹਮਲਾਵਰਾਂ ਨੇ ਜਾਗਿ੍ਤ ਮਹਾਦੇਵ ਮੰਦਰ ਤੇ ਆਸ਼ਰਮ 'ਤੇ ਹਮਲਾ ਕੀਤਾ ਤੇ ਉਥੇ ਰਹਿ ਰਹੇ ਮੁੱਖ ਸਾਧੂ ਸ਼ੰਕਰਾਨੰਦ ਸਰਸਵਤੀ ਤੇ ਉਨ੍ਹਾਂ ਦੇ ਚੇਲੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਖ਼ਤਰਾ ਭਾਂਪ ਕੇ 54 ਸਾਲਾ ਸ਼ੰਕਰਾਨੰਦ ਸਰਸਵਤੀ ਨੇ ਕਿਸੇ ਤਰ੍ਹਾਂ ਖੁਦ ਨੂੰ ਹਮਲਾਵਰਾਂ ਦੀ ਚੁੰਗਲ 'ਚੋਂ ਛੁਡਾ ਕੇ ਮੰਦਰ ਦੇ ਹੀ ਇਕ ਕਮਰੇ 'ਚ ਬੰਦ ਕਰ ਲਿਆ। ਇਸ ਵਿਚਾਲੇ ਦੂਜੇ ਸਾਧੂ 60 ਸਾਲਾ ਸ਼ਿਆਮਸਿੰਘ ਸੋਮਸਿੰਘ ਠਾਕੁਰ ਵੀ ਮੰਦਰ 'ਚੋਂ ਭੱਜ ਗਏ। ਕਰੀਬ ਅੱਧੇ ਘੰਟੇ ਤਕ ਚਲੀ ਇਸ ਵਾਰਦਾਤ ਤੋਂ ਬਾਅਦ ਹਮਲਾਵਰ ਮੰਦਰ ਵਿਚੋਂ ਕਰੀਬ 6800 ਰੁਪਏ ਲੁੱਟ ਕੇ ਫਰਾਰ ਹੋ ਗਏ। ਪੁਲਿਸ ਨੇ ਆਈਪੀਸੀ ਦੀ ਧਾਰਾ 394 (ਲੁੱਟ-ਖੋਹ) ਤਹਿਤ ਮਾਮਲਾ ਦਰਜ ਕਰ ਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਮੁਲਜ਼ਮ ਅਨਿਲ ਮਦਨ ਗੂਜਰ ਨੂੰ ਗਿ੍ਫ਼ਤਾਰ ਕਰ ਲਿਆ ਗਿਆ। ਘਟਨਾ 'ਚ ਦੋਵੇਂ ਸਾਧੂਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।

ਪਾਲਘਰ ਜ਼ਿਲ੍ਹੇ 'ਚ ਡੇਢ ਮਹੀਨੇ 'ਚ ਸਾਧੂਆਂ 'ਤੇ ਹਮਲੇ ਦੀ ਇਹ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਜਨਪਦ 'ਚ ਦੋ ਸਾਧੂਆਂ ਤੇ ਉਸ ਦੀ ਕਾਰ ਦੇ ਡਰਾਈਵਰ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਸੀ। ਇਸ ਮਾਮਲੇ ਦੀ ਸੀਆਈਡੀ ਜਾਂਚ ਹਾਲੇ ਚੱਲ ਰਹੀ ਹੈ। ਇਸ ਤੋਂ ਬਾਅਦ 25 ਮਈ ਨੂੰ ਮਹਾਰਾਸ਼ਟਰ ਦੇ ਹੀ ਨਾਂਦੇੜ ਜ਼ਿਲ੍ਹੇ ਦੇ ਇਕ ਮੰਦਰ 'ਚ ਦੋ ਨਾਂਗੇ ਸਾਧੂਆਂ ਦੀ ਹੱਤਿਆ ਕਰ ਦਿੱਤੀ ਗਈ ਸੀ। ਇਸ ਹੱਤਿਆਕਾਂਡ ਦੇ ਮੁਲਜ਼ਮ ਨੂੰ ਉਸੇ ਦਿਨ ਗਿ੍ਫ਼ਤਾਰ ਕਰ ਲਿਆ ਗਿਆ ਸੀ।