ਜੇਐੱਨਐੱਨ, ਸੋਨੀਪਤ : ਹਰਿਆਣਾ ਦੇ ਸੋਨੀਪਤ 'ਚ ਪੁਲਿਸ ਚੌਕੀ 'ਚ ਤਾਇਨਾਤ ਦੋ ਪੁਲਿਸ ਮੁਲਾਜ਼ਮਾਂ ਦੀ ਬਦਮਾਸ਼ਾਂ ਨੇ ਸੋਮਵਾਰ ਰਾਤ ਚਾਕੂਆਂ ਨਾਲ ਵਿੰਨ੍ਹ ਕੇ ਹੱਤਿਆ ਕਰ ਦਿੱਤੀ। ਦੋਵੇਂ ਗਸ਼ਤ 'ਤੇ ਸਨ। ਮੰਗਲਵਾਰ ਸਵੇਰੇ ਬੁਟਾਲਾ ਪੁਲਿਸ ਚੌਕੀ ਤੋਂ ਮਹਿਜ਼ 800 ਮੀਟਰ ਦੂਰ ਦੋਵੇਂ ਦੀਆਂ ਲਾਸ਼ਾਂ ਸੜਕ ਕੰਢੇ ਮਿਲੀਆਂ। ਉਨ੍ਹਾਂ ਦਾ ਮੋਟਰਸਾਈਕਲ ਨੇੜੇ ਹੀ ਖੜ੍ਹਾ ਸੀ। ਮੰਗਲਵਾਰ ਸਵੇਰੇ ਪੁਲਿਸ ਨੇ ਦੋਵੇਂ ਦੀ ਹੱਤਿਆ 'ਚ ਸ਼ਾਮਲ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਜੀਂਦ 'ਚ ਮੁਕਾਬਲੇ 'ਚ ਇਕ ਬਦਮਾਸ਼ ਨੂੰ ਮਾਰ ਸੁੱਟਿਆ ਤੇ ਦੋ ਨੂੰ ਗਿ੍ਫ਼ਤਾਰ ਕਰ ਲਿਆ।

ਪੁਲਿਸ ਟੀਮ ਨੂੰ ਜਾਣਕਾਰੀ ਮਿਲੀ ਸੀ ਕਿ ਪੁਲਿਸ ਮੁਲਾਜ਼ਮਾਂ ਦੀ ਹੱਤਿਆ 'ਚ ਸ਼ਾਮਲ ਚਾਰ ਬਦਮਾਸ਼ ਜੀਂਦ 'ਚ ਰੋਹਤਕ ਰੋਡ 'ਤੇ ਬਣੇ ਇਕ ਮਕਾਨ 'ਚ ਲੁਕੇ ਬੈਠੇ ਹਨ। ਜੀਂਦ 'ਚ ਰੋਹਤਕ ਰੋਡ 'ਤੇ ਸਟੇਟ ਬੈਂਕ ਆਫ ਇੰਡੀਆ ਨੇੜੇ ਭਗਵਾਨ ਨਗਰ 'ਚ ਸਥਿਤ ਮਕਾਨ ਨੂੰ ਘੇਰ ਲਿਆ। ਪੁਲਿਸ ਨੇੜੇ ਗਈ ਤਾਂ ਮਕਾਨ 'ਚ ਲੁਕੇ ਬੈਠੇ ਬਦਮਾਸ਼ਾਂ ਨੇ ਪੁਲਿਸ ਟੀਮ 'ਤੇ ਚਾਕੂਆਂ ਨਾਲ ਹਮਲਾ ਕਰ ਦਿੱਤਾ। ਇਸ 'ਚ ਸੋਨੀਪਤ ਸੀਆਈਏ ਦੇ ਇੰਸਪੈਕਟਰ ਅਨਿਲ ਕੁਮਾਰ ਤੇ ਸਾਈਬਰ ਕਰਾਈਮ ਦੇ ਇੰਸਪੈਕਟਰ ਪ੍ਰਸ਼ਾਂਤ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ। ਏਐੱਸਆਈ ਮਨਦੀਪ ਸਿੰਘ ਤੇ ਸਿਪਾਹੀ ਰਾਜੇਸ਼ ਨੂੰ ਵੀ ਹਮਲੇ 'ਚ ਕਾਫੀ ਸੱਟਾਂ ਲੱਗੀਆਂ।