ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤ ਤੇ ਅਮਰੀਕਾ ਵਿਚਕਾਰ ਦੂਜੀ ਰਣਨੀਤਕ ਵਾਰਤਾ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਵੀਰਵਾਰ ਨੂੰ ਦੋਵਾਂ ਦੇਸ਼ਾਂ ਦੇ ਵਿਦੇਸ਼ ਤੇ ਰੱਖਿਆ ਮੰਤਰਾਲਿਆਂ ਦੇ ਸੀਨੀਅਰ ਅਧਿਕਾਰੀਆਂ ਵਿਚਕਾਰ ਇਸ ਬਾਰੇ ਇਕ ਅਹਿਮ ਬੈਠਕ ਹੋਈ। ਭਾਰਤ ਤੇ ਅਮਰੀਕਾ ਵਿਚਕਾਰ ਰਣਨੀਤਕ ਵਾਰਤਾ ਦਾ ਨਾਂ 'ਟੂ ਪਲੱਸ ਟੂ' ਰੱਖਿਆ ਗਿਆ ਹੈ ਜਿਸ 'ਚ ਦੋਵਾਂ ਦੇਸ਼ਾਂ ਦੇ ਵਿਦੇਸ਼ ਤੇ ਰੱਖਿਆ ਮੰਤਰੀ ਅਗਵਾਈ ਕਰਦੇ ਹਨ।

ਅਮਰੀਕਾ 'ਚ ਹੋਈ ਇਸ ਬੈਠਕ 'ਚ ਰੱਖਿਆ ਤੇ ਵਿਦੇਸ਼ ਮਾਮਲਿਆਂ ਨਾਲ ਜੁੜੇ ਤਮਾਮ ਪਹਿਲੂਆਂ 'ਤੇ ਗੱਲ ਹੋਈ ਹੈ। ਨਾਲ ਹੀ ਖੇਤਰੀ ਸਮੱਸਿਆਵਾਂ ਨੂੰ ਲੈ ਕੇ ਵੀ ਦੋਵਾਂ ਧਿਰਾਂ ਨੇ ਇਕ ਦੂਜੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ। ਅਧਿਕਾਰਕ ਸੂਤਰਾਂ ਮੁਤਾਬਕ ਦੁਵੱਲੀ ਵਾਰਤਾ 'ਚ ਏਸ਼ੀਆ ਪ੍ਰਸ਼ਾਂਤ ਮੁੱਦਾ ਕਾਫ਼ੀ ਅਹਿਮ ਰਿਹਾ। ਇਸ ਗੱਲ ਦੇ ਵੀ ਸੰਕੇਤ ਹਨ ਕਿ ਆਉਣ ਵਾਲੇ ਸਮੇਂ 'ਚ ਭਾਰਤ ਤੇ ਅਮਰੀਕਾ ਵਿਚਕਾਰ ਸੰਵਾਦ ਦੀ ਗਤੀ ਕਾਫ਼ੀ ਤੇਜ਼ ਹੋਣ ਵਾਲੀ ਹੈ। ਅਗਲੇ ਸੋਮਵਾਰ ਨੂੰ ਫਰਾਂਸ 'ਚ ਪੀਐੱਮ ਮੋਦੀ ਤੇ ਰਾਸ਼ਟਰਪਤੀ ਟਰੰਪ ਵਿਚਕਾਰ ਮੁਲਾਕਾਤ ਤੇ ਉਸ ਤੋਂ ਬਾਅਦ ਅਗਲੇ ਮਹੀਨੇ ਦੋਵਾਂ ਵਿਚਕਾਰ ਦੁਵੱਲੀ ਵਾਰਤਾ ਹੋਣੀ ਹੈ। ਇਸ ਤੋਂ ਕੁਝ ਹੀ ਦਿਨ ਬਾਅਦ 'ਟੂ ਪਲੱਸ ਟੂ' ਵਾਰਤਾ ਹੋਵੇਗੀ ਜਿਸ 'ਚ ਦੋਵਾਂ ਦੇਸ਼ਾਂ ਦੇ ਵਿਦੇਸ਼ ਤੇ ਰੱਖਿਆ ਮੰਤਰੀ ਆਹਮੋ ਸਾਹਮਣੇ ਹੋਣਗੇ। ਇਸਦੇ ਨਾਲ ਹੀ ਦੋਵਾਂ ਦੇਸ਼ਾਂ ਦੇ ਵਣਜ ਮੰਤਰੀਆਂ ਦੀ ਇਕ ਵੱਖਰੀ ਬੈਠਕ ਬੁਲਾਉਣ ਦੀ ਤਿਆਰੀ ਹੈ ਜੋ ਸ਼ਾਇਦ ਸਤੰਬਰ, 2019 'ਚ ਹੀ ਹੋਵੇਗੀ।

ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਪ੍ਰਰੈੱਸ ਬਿਆਨ ਮੁਤਾਬਕ 'ਟੂ ਪਲੱਸ ਟੂ' ਤਹਿਤ ਹੋਈ ਪਹਿਲੀ ਵਾਰਤਾ ਤਹਿਤ ਜੋ ਫ਼ੈਸਲੇ ਹੋਏ ਸਨ ਉਨ੍ਹਾਂ ਦੀ ਸਮੀਖਿਆ ਕੀਤੀ ਗਈ ਹੈ ਤੇ ਅੱਗੇ ਦੇ ਟੀਚਿਆਂ ਬਾਰੇ ਵੀ ਚਰਚਾ ਹੋਈ ਹੈ। ਖ਼ਾਸ ਤੌਰ 'ਤੇ ਚਰਚਾ ਇਸ ਗੱਲ 'ਤੇ ਹੋਈ ਕਿ ਏਸ਼ੀਆ ਪ੍ਰਸ਼ਾਂਤ ਖੇਤਰ ਨੂੰ ਕਿਸ ਤਰ੍ਹਾਂ ਨਾਲ ਮੁਕਤ, ਖੁੱਲ੍ਹਾ, ਸ਼ਾਂਤਮਈ ਤੇ ਸਾਰਿਆਂ ਲਈ ਬਰਾਬਰ ਮੌਕਿਆਂ ਵਾਲਾ ਬਣਾਇਆ ਜਾਵੇ। ਦੱਸਣਯੋਗ ਹੈ ਕਿ ਦੂਜੀ ਰਣਨੀਤਕ ਵਾਰਤਾ 'ਚ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤ ਦੀ ਅਗਵਾਈ ਕਰਨਗੇ।