ਨਵੀਨ ਨਵਾਜ਼, ਸ੍ਰੀਨਗਰ : ਸਾਰੇ ਪ੍ਰਮੁੱਖ ਕਮਾਂਡਰਾਂ ਦੇ ਮਾਰੇ ਜਾਣ ਤੋਂ ਪਰੇਸ਼ਾਨ ਅੱਤਵਾਦੀ ਸੰਗਠਨ ਕਸ਼ਮੀਰ ਵਾਦੀ 'ਚ ਪੁਲਵਾਮਾ ਵਰਗਾ ਵੱਡਾ ਹਮਲਾ ਕਰਨ ਦੀ ਸਾਜ਼ਿਸ਼ ਰਚ ਰਹੇ ਹਨ। ਹਮਲੇ ਦੀ ਜ਼ਿੰਮੇਵਾਰੀ ਅਲ-ਬਦਲ ਨਾਲ ਜੁੜੇ ਦੋ ਪਾਕਿਸਤਾਨੀ ਅੱਤਵਾਦੀਆਂ ਰਹਿਮਾਨ ਤੇ ਉਸਮਾਨ ਭਾਈ ਨੂੰ ਸੌਂਪੀ ਗਈ ਹੈ। ਇਸੇ ਵਿਚਾਲੇ, ਉੱਤਰੀ ਕਸ਼ਮੀਰ ਦੇ ਬਾਰਾਮੁੱਲਾ 'ਚ ਸਫੈਦ ਰੰਗ ਦੀ ਆਲਟੋ ਕਾਰ ਚੋਰੀ ਹੋਣ ਨਾਲ ਸੁਰੱਖਿਆ ਬਲ ਚੌਕਸ ਹੋ ਗਏ ਹਨ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅੱਤਵਾਦੀ ਇਸ ਦੀ ਵਰਤੋਂ ਹਮਲੇ 'ਚ ਕਰ ਸਕਦੇ ਹਨ।

ਖੁਫੀਆ ਸੂਤਰਾਂ ਨੇ ਦੱਸਿਆ ਕਿ ਅੱਤਵਾਦੀ ਸੁਰੱਖਿਆ ਬਲਾਂ 'ਤੇ ਲੜੀਵਾਰ ਦੋ ਤੋਂ ਤਿੰਨ ਹਮਲਿਆਂ ਦੀ ਸਾਜ਼ਿਸ਼ ਰਚ ਰਹੇ ਹਨ। ਇਹ ਹਮਲੇ ਸ੍ਰੀਨਗਰ-ਬਾਰਾਮੁੱਲਾ-ਕੁਪਵਾੜਾ ਰਾਜਮਾਰਗ 'ਤੇ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਸ੍ਰੀਨਗਰ ਦੇ ਆਲੇ-ਦੁਆਲੇ ਕੁਝ ਖੇਤਰਾਂ ਨੂੰ ਵੀ ਅੱਤਵਾਦੀਆਂ ਨੇ ਆਪਣੇ ਨਾਪਾਕ ਇਰਾਦਿਆਂ ਨਾਲ ਨਿਸ਼ਾਨਦੇਹ ਕਰ ਰੱਖਿਆ ਹੈ। ਸ੍ਰੀਨਗਰ-ਬਾਰਾਮੁੱਲਾ ਮਾਰਗ 'ਤੇ ਐੱਚਐੱਮਟੀ-ਪਟਨ ਸੈਕਸ਼ਨ ਤੋਂ ਇਲਾਵਾ ਹੰਦਵਾੜਾ-ਸੋਪੋਰ ਤੇ ਬਾਰਾਮੁੱਲਾ-ਕੁਪਵਾੜਾ ਸੈਕਸ਼ਨ 'ਚ ਵੀ ਅੱਤਵਾਦੀ ਹਮਲੇ ਕਰ ਸਕਦੇ ਹਨ। ਇਨ੍ਹਾਂ ਇਲਾਕਿਆਂ 'ਚੋਂ ਸੁਰੱਖਿਆ ਬਲਾਂ ਦੇ ਕਾਫ਼ਲੇ ਅਕਸਰ ਗੁਜਰਦੇ ਹਨ। ਫ਼ੌਜੀ ਕਾਫ਼ਲੇ ਤੇ ਸੁਰੱਖਿਆ ਬਲਾਂ ਦੇ ਨਾਕਿਆਂ 'ਤੇ ਹਮਲਾ ਕਰਨ ਤੋਂ ਇਲਾਵਾ ਉਹ ਕਿਸੇ ਵਾਹਨ ਬੰਬ ਜਾਂ ਫਿਰ ਕਿਸੇ ਵੱਡੇ ਅਦਾਰੇ 'ਤੇ ਅੱਤਵਾਦੀ ਹਮਲੇ ਦੀ ਰਣਨੀਤੀ ਨੂੰ ਅਪਣਾ ਸਕਦੇ ਹਨ। ਇਸ ਤੋਂ ਇਲਾਵਾ ਭੀੜ-ਭੜੱਕੇ ਵਾਲੇ ਇਲਾਕਿਆਂ 'ਚ ਗਸ਼ਤ ਪਾਰਟੀਆਂ ਨੂੰ ਨਿਸ਼ਾਨ ਬਣਾਉਣ ਦਾ ਵੀ ਮੌਕਾ ਭਾਲ ਰਹੇ ਹਨ। ਇਸ ਖ਼ੌਫਨਾਕ ਸਾਜ਼ਿਸ਼ 'ਚ ਅੱਤਵਾਦੀ ਆਈਈਡੀ ਜਾਂ ਫਿਰ ਵਾਹਨ ਬੰਬ ਦੀ ਵੀ ਵਰਤੋਂ ਕਰ ਸਕਦੇ ਹਨ।

ਬਾਰਾਮੁੱਲਾ-ਸ੍ਰੀਨਗਰ ਵਿਚਾਲੇ ਦਿਸਿਆ ਰਹਿਮਾਨ

ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਹਮਲਿਆਂ ਨੂੰ ਅੰਜਾਮ ਦੇਣ ਲਈ ਦੋਵੇਂ ਪਾਕਿਸਤਾਨੀ ਅੱਤਵਾਦੀ ਰਹਿਮਾਨ ਤੇ ਉਸਮਾਨ ਸਰਹੱਦ ਤੋਂ ਪਾਰ ਬੈਠੇ ਆਪਣੇ ਆਕਾਵਾਂ ਨਾਲ ਲਗਾਤਾਰ ਸੰਪਰਕ 'ਚ ਹਨ। ਉਨ੍ਹਾਂ ਨੇ ਦੱਸਿਆ ਕਿ ਰਹਿਮਾਨ ਹਾਲ 'ਚ ਸ੍ਰੀਨਗਰ-ਬਾਰਾਮੁੱਲ ਵਿਚਾਲੇ ਕੁਝ ਸਾਥੀਆਂ ਨਾਲ ਦੇਖਿਆ ਗਿਆ। ਇਸ ਤੋਂ ਇਲਾਵਾ ਉਸਮਾਨ ਬਾਰਾਮੁੱਲਾ ਤੇ ਕੁਪਵਾੜਾ ਵਿਚਾਲੇ ਗੁਪਤ ਠਿਕਾਣੇ 'ਤੇ ਰੁਕਿਆ ਹੈ। ਉਸਮਾਨ ਆਈਈਡੀ ਮਾਹਰ ਹੈ।

ਛੋਟੀ ਕਾਰ ਦੀ ਭਾਲ 'ਚ ਸੀ ਉਸਮਾਨ

ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਹਮਲੇ ਦੇ ਖ਼ਦਸ਼ੇ ਵਿਚਾਲੇ ਉੱਤਰੀ ਕਸ਼ਮੀਰ ਦੇ ਬਾਰਾਮੁੱਲਾ ਦੇ ਇਕ ਖੇਤਰ ਵਿਸ਼ੇਸ਼ ਤੋਂ ਆਲਟੋ ਕਾਰ ਵੀ ਚੋਰੀ ਹੋਈ ਹੈ। ਇਹ ਇਲਾਕਾ ਅੱਤਵਾਦੀ ਹਮਲੇ ਦੀ ਦਿ੍ਸ਼ਟੀ ਤੋਂ ਸੰਵੇਦਨਸ਼ੀਲ ਦੱਸਿਆ ਜਾ ਰਿਹਾ ਹੈ। ਰਹਿਮਾਨ ਤੇ ਉਸਮਾਨ ਆਪਣੇ ਸਾਥੀਆਂ ਨਾਲ ਇਸ ਇਲਾਕੇ 'ਚ ਰੇਕੀ ਵੀ ਕਰ ਚੁੱਕੇ ਹਨ। ਉਨ੍ਹਾਂ ਨੇ ਦੱਸਿਆ ਕਿ ਚੋਰੀ ਹੋਈ ਕਾਰ ਦੀ ਵਰਤੋਂ ਅੱਤਵਾਦੀ ਵਾਹਨ ਬੰਬ ਦੀ ਤਰ੍ਹਾਂ ਕਰ ਸਕਦੇ ਹਨ, ਕਿਉਂਕਿ ਉਸਮਾਨ ਕਿਸੇ ਛੋਟੀ ਕਾਰ ਦੀ ਭਾਲ 'ਚ ਸੀ।

ਸੁਰੱਖਿਆ ਬਲਾਂ ਨੇ ਖਿੱਚੀ ਆਪਣੀ ਤਿਆਰੀ

ਸੂਤਰਾਂ ਨੇ ਦੱਸਿਆ ਕਿ ਅੱਤਵਾਦੀ ਵੱਲੋਂ ਰਚੀ ਜਾ ਰਹੀ ਸਾਜ਼ਿਸ਼ ਨੂੰ ਦੇਖਦਿਆਂ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰ ਕੇ ਉਸ ਨੂੰ ਹੋਰ ਬਿਹਤਰ ਬਣਾਇਆ ਗਿਆ ਹੈ। ਸਾਰੀਆਂ ਨਾਕਾ ਪਾਰਟੀਆਂ ਤੇ ਰੋਡ ਓਪਨਿੰਗ ਦਸਤਿਆਂ ਨੂੰ ਵਿਸ਼ੇਸ਼ ਚੌਕਸੀ ਵਰਤਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਗਸ਼ਤ ਪਾਰਟੀਆਂ ਨੂੰ ਵੀ ਭੀੜ-ਭੜੱਕੇ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਤੇ ਗਸ਼ਤ ਲਈ ਨਿਕਲੇ ਬੁਲਟਪਰੂਫ ਵਾਹਨਾਂ ਦੀ ਵਰਤੋਂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸੁਰੱਖਿਆ ਕੈਂਪਾਂ ਤੋਂ ਇਲਾਵਾ ਸੂਬੇ ਦੇ ਕੁਝ ਮਹੱਤਵਪੂਰਨ ਅਦਾਰਿਆਂ ਦੀ ਸੁਰੱਖਿਆ ਨੂੰ ਵੀ ਵਧਾਇਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦੀ ਕਿਸੇ ਵੱਡੀ ਇਮਾਰਤ 'ਤੇ ਕਬਜ਼ਾ ਕਰ ਕੇ, ਬੰਧਕ ਸੰਕਟ ਵੀ ਪੈਦਾ ਨਾ ਕਰ ਸਕਣ, ਇਸ ਲਈ ਵੀ ਇਕ ਵਿਸ਼ੇਸ਼ ਕਾਰਜ ਯੋਜਨਾ ਨੂੰ ਲਾਗੂ ਕੀਤਾ ਗਿਆ ਹੈ।