ਸਟੇਟ ਬਿਊਰੋ, ਸ੍ਰੀਨਗਰ : ਦੱਖਣੀ ਕਸ਼ਮੀਰ 'ਚ ਅੱਤਵਾਦ ਖ਼ਿਲਾਫ਼ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪੁਲਿਸ ਨੇ ਸ਼ੁੱਕਰਵਾਰ ਨੂੰ ਅੰਸਾਰ ਗਜਵਾਤ-ਉਲ-ਹਿੰਦ ਤੇ ਹਿਜਬੁਲ ਮੁਜਾਹਿਦੀਨ ਦੇ ਦੋ ਓਵਰ-ਗਰਾਊਂਡ ਵਰਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਦੋਵਾਂ ਤੋਂ ਪੁੱਛਗਿੱਛ ਜਾਰੀ ਹੈ। ਪੁਲਿਸ ਨੇ ਇਕ ਵਿਸ਼ੇਸ਼ ਸੂਚਨਾ ਦੇ ਆਧਾਰ 'ਤੇ ਤਰਾਲ ਤੋਂ ਸੈਯਾਰ ਅਹਿਮਦ ਸ਼ਾਹ ਤੇ ਅਵੰਤੀਪੋਰਾ 'ਚ ਤਨਸੀਮ ਉਰਫ਼ ਤਨਵੀਰ ਅਹਿਮਦ ਸੇਖ ਨੂੰ ਗ੍ਰਿਫ਼ਤਾਰ ਕੀਤਾ ਹੈ। ਸੈਯਾਰ ਅੰਸਾਰ ਗਜਵਾਤ-ਉਲ-ਹਿੰਦ ਤੇ ਤਨਸੀਮ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀਆਂ ਲਈ ਓਵਰ-ਗਰਾਊਂਡ ਵਰਕਰ ਦਾ ਕੰਮ ਕਰਦੇ ਸਨ। ਇਹ ਦੋਵੇਂ ਅੱਤਵਾਦੀਆਂ ਨੂੰ ਸੁਰੱਖਿਅਤ ਟਿਕਾਣੇ 'ਤੇ ਪਹੁੰਚਾਉਣ ਤੇ ਹੋਰ ਸਾਜੋ-ਸਾਮਾਨ ਮੁਹੱਈਆ ਕਰਵਾਉਣ ਤੋਂ ਇਲਾਵਾ ਸੁਰੱਖਿਆ ਬਲਾਂ ਦੀਆਂ ਸਰਗਰਮੀਆਂ ਦੀਆਂ ਸੂਚਨਾਵਾਂ ਉਨ੍ਹਾਂ ਤਕ ਪਹੁੰਚਾਉਂਦੇ ਸਨ। ਪੁਲਿਸ ਨੇ ਇਨ੍ਹਾਂ ਦੋਵਾਂ ਦੇ ਕਬਜ਼ੇ 'ਚੋਂ ਹਥਿਆਰਾਂ ਦਾ ਇਕ ਜਖੀਰਾ ਤੇ ਅੱਤਵਾਦੀ ਸੰਗਠਨਾਂ ਨਾਲ ਜੁੜੇ ਦਸਤਾਵੇਜ਼ ਬਰਾਮਦ ਕੀਤੇ ਹਨ।