ਸਟੇਟ ਬਿਊਰੋ, ਕੋਲਕਾਤਾ : ਬੰਗਾਲ 'ਚ ਚੋਣਾਂ ਤੋਂ ਬਾਅਦ ਹੋਈ ਹਿੰਸਾ ਦੌਰਾਨ ਭਾਜਪਾ ਆਗੂ ਅਭਿਜੀਤ ਸਰਕਾਰ ਦੀ ਕਥਿਤ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਦੋ ਹੋਰ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ। ਇਸ ਮਾਮਲੇ ਵਿਚ ਹਾਲੇ ਤਕ ਸੱਤ ਲੋਕਾਂ ਨੂੰ ਗਿ੍ਫਤਾਰ ਕੀਤਾ ਜਾ ਚੁੱਕਾ ਹੈ। ਕੋਲਕਾਤਾ ਦੇ ਫੂਲਬਾਗਾਨ ਇਲਾਕੇ ਦੇ ਰਹਿਣ ਵਾਲੇ ਭਾਜਪਾ ਦੇ ਮਜ਼ਦੂਰ ਸੈੱਲ ਦੇ ਆਗੂ ਸਰਕਾਰ ਦੀ ਦੋ ਮਈ ਨੂੰ ਰਾਜ ਵਿਚ ਚੋਣ ਨਤੀਜਿਆਂ ਤੋਂ ਬਾਅਦ ਭੜਕੀ ਹਿੰਸਾ ਦੌਰਾਨ ਕਥਿਤ ਤੌਰ 'ਤੇ ਹੱਤਿਆ ਕਰ ਦਿੱਤੀ ਗਈ ਸੀ। ਓਧਰ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਮਾਮਲੇ ਦੀ ਐੱਫਆਈਆਰ ਵਿਚ ਨਾਮਜ਼ਦ ਦੋ ਹੋਰ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਗਿਆ ਹੈ। ਦੋਵਾਂ ਮੁਲਜ਼ਮਾਂ ਦੀ ਪਛਾਣ ਸੰਜੇ ਦੇ (26) ਅਤੇ ਅਭਿਜੀਤ ਦੇ (25) ਦੇ ਰੂਪ ਵਿਚ ਹੋਈ ਹੈ। ਦੋਵੇਂ ਮੁਲਜ਼ਮ ਕੋਲਕਾਤਾ ਦੇ ਨਾਰਕੇ ਲਡਾਂਗਾ ਇਲਾਕੇ ਦੇ ਰਹਿਣ ਵਾਲੇ ਹਨ ਜਿਨ੍ਹਾਂ ਨੂੰ ਹੁਗਲੀ ਜ਼ਿਲ੍ਹੇ ਦੇ ਚੰਦਨ ਨਗਰ ਇਲਾਕੇ ਵਿਚੋਂ ਉਨ੍ਹਾਂ ਦੇ ਰਿਸ਼ਤੇਦਾਰ ਦੇ ਘਰੋਂ ਗਿ੍ਫਤਾਰ ਕੀਤਾ ਗਿਆ।