ਸਟੇਟ ਬਿਊਰੋ, ਸ੍ਰੀਨਗਰ : ਦੱਖਣੀ ਕਸ਼ਮੀਰ ਦੇ ਅਨੰਤਨਾਗ 'ਚ ਬੁੱਧਵਾਰ ਨੂੰ ਇਕ ਭਿਆਨਕ ਮੁਕਾਬਲੇ 'ਚ ਸੁਰੱਖਿਆ ਨੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਾਰੇ ਗਏ ਅੱਤਵਾਦੀ ਜੈਸ਼-ਏ-ਮੁਸਤਫ਼ਾ ਦੇ ਦੱਸੇ ਜਾ ਰਹੇ ਹਨ। ਇਨ੍ਹਾਂ 'ਚੋਂ ਇਕ ਜ਼ਾਹਿਦ ਅਹਿਮਦ ਰਾਧਰ ਤੇ ਦੂਜਾ ਆਦਿਲ ਅਹਿਮਦ ਬਟ ਹੈ। ਜ਼ਾਹਿਦ ਚਾਰ ਦਿਨ ਪਹਿਲਾਂ ਹੀ ਅੱਤਵਾਦੀ ਬਣਿਆ ਸੀ। ਅੱਤਵਾਦੀਆਂ ਦੇ ਹੋਰ ਸਾਥੀਆਂ ਨੂੰ ਫੜਨ ਲਈ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਜਾਰੀ ਰੱਖੀ ਹੈ। ਇਸ ਵਿਚਾਲੇ, ਪ੍ਰਸ਼ਾਸਨ ਨੇ ਮੁਕਾਬਲੇ ਦੌਰਾਨ ਸ਼ਰਾਰਤੀ ਤੱਤਾਂ ਵੱਲੋਂ ਅਫ਼ਵਾਹ ਫੈਲਾਏ ਜਾਣ ਦੇ ਖ਼ਦਸ਼ੇ ਨੂੰ ਦੇਖਦਿਆਂ ਅਨੰਤਨਾਗ ਦੇ ਵੱਖ-ਵੱਖ ਹਿੱਸਿਆਂ 'ਚ ਮੋਬਾਈਲ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਸੀ, ਜਿਸ ਨੂੰ ਦੇਰ ਸ਼ਾਮ ਬਹਾਲ ਕਰ ਦਿੱਤਾ ਗਿਆ।

ਪੁਲਿਸ ਨੂੰ ਤੜਕੇ ਆਪਣੇ ਤੰਤਰ ਤੋਂ ਪਤਾ ਲੱਗਾ ਹੈ ਕਿ ਅੱਤਵਾਦੀਆਂ ਦਾ ਇਕ ਗਰੁੱਪ ਅਨੰਤਨਾਗ ਦੇ ਸਿਰਹਾਮਾ ਕੋਲ ਸ਼ਾਰਗੁਲ ਦੀਆਂ ਪਹਾੜੀਆਂ ਨਾਲ ਲੱਗਦੇ ਜੰਗਲ 'ਚ ਦੇਖਿਆ ਗਿਆ ਹੈ। ਇਸ ਤੋਂ ਬਾਅਦ ਪੁਲਿਸ ਨੇ ਫ਼ੌਜ ਦੀ 3 ਆਰਆਰ ਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਰਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸਵੇਰੇ ਕਰੀਬ ਸਾਢੇ ਨੌਂ ਵਜੇ ਸੁਰੱਖਿਆ ਬਲ ਸ਼ਾਰਗੁਲ ਦੀਆਂ ਪਹਾੜੀਆਂ ਕੋਲ ਪੁੱਜੇ ਤਾਂ ਅੱਤਵਾਦੀਆਂ ਨੇ ਉਨ੍ਹਾਂ ਨੂੰ ਦੇਖ ਕੇ ਫਾਇਰ ਕੀਤਾ।

}ਜਵਾਨਾਂ ਨੇ ਜਵਾਬੀ ਫਾਇਰ ਕੀਤਾ। ਕਰੀਬ 40 ਮਿੰਟ ਤਕ ਦੋਵੇਂ ਪਾਸਿਓਂ ਗੋਲ਼ੀਬਾਰੀ ਹੋਈ। ਇਸ ਤੋਂ ਬਾਅਦ ਅੱਤਵਾਦੀਆਂ ਵੱਲੋਂ ਜਦੋਂ ਕਾਫੀ ਦੇਰ ਤਕ ਗੋਲ਼ੀ ਨਹੀਂ ਚੱਲੀ ਤਾਂ ਜਵਾਨ ਉਨ੍ਹਾਂ ਨੂੰ ਮਰਿਆ ਸਮਝ ਕੇ ਲਾਸ਼ ਕਬਜ਼ੇ 'ਚ ਲੈਣ ਲਈ ਅੱਗੇ ਵਧੇ। ਇਸ ਵਿਚਾਲੇ, ਅੱਤਵਾਦੀਆਂ ਨੇ ਦੁਬਾਰਾ ਫਾਇਰਿੰਗ ਕਰ ਦਿੱਤੀ ਤੇ ਉਥੋਂ ਭੱਜ ਨਿਕਲੇ। ਜਵਾਨਾਂ ਨੇ ਅੱਤਵਾਦੀਆਂ ਦਾ ਪਿੱਛਾ ਕੀਤਾ ਤੇ ਕੁਝ ਹੀ ਦੇਰ 'ਚ ਉਨ੍ਹਾਂ ਨੂੰ ਦੁਬਾਰਾ ਮੁਕਾਬਲੇ 'ਚ ਉਲਝਾ ਲਿਆ। ਇਸ ਦੌਰਾਨ ਦੋ ਅੱਤਵਾਦੀ ਮਾਰੇ ਗਏ ਪਰ ਉਨ੍ਹਾਂ ਦੇ ਹੋਰ ਸਾਥੀ ਭੱਜ ਨਿਕਲੇ, ਜਿਸ ਦੀ ਭਾਲ ਕੀਤੀ ਜਾ ਰਹੀ ਹੈ। ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਸ਼ਾਰਗੁਲ ਮੁਕਾਬਲੇ 'ਚ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਤੋਂ ਦੋ ਅਲਾਸਟ ਰਾਈਫਲਾਂ, ਕੁਝ ਮੈਗਜ਼ੀਨ ਤੇ ਹੋਰ ਸਾਜ਼ੋ-ਸਾਮਾਨ ਮਿਲਿਆ ਹੈ।