ਸਟੇਟ ਬਿਊਰੋ, ਸ੍ਰੀਨਗਰ : ਸੁਰੱਖਿਆ ਦਸਤਿਆਂ ਨੇ ਆਪਣੀ ਅੱਤਵਾਦ ਵਿਰੋਧੀ ਮੁਹਿੰਮ ਨੂੰ ਜਾਰੀ ਰੱਖਦਿਆਂ ਕੱਲ੍ਹ ਰਾਤ ਦੱਖਣੀ ਕਸ਼ਮੀਰ ਦੇ ਬਿਜਬਿਹਾੜਾ 'ਚ ਲਸ਼ਕਰ-ਏ-ਤੋਇਬਾ ਦੇ ਦੋ ਇਨਾਮੀ ਅੱਤਵਾਦੀਆਂ ਨੂੰ ਮਾਰ ਮੁਕਾਇਆ, ਜਦਕਿ ਉੱਤਰੀ ਕਸ਼ਮੀਰ ਦੇ ਬਾਰਾਮੁਲਾ 'ਚ ਇਕ ਹਿਜ਼ਬੁਲ ਦੇ ਅੱਤਵਾਦੀ ਨੂੰ ਫੜਿਆ ਹੈ। ਇਸ ਦੌਰਾਨ ਲਸ਼ਕਰ ਦੇ ਦੋ ਅੱਤਵਾਦੀਆਂ ਦੀ ਮੌਤ ਮਗਰੋਂ ਬਿਜਬਿਹਾੜਾ ਤੇ ਕੋਯਮੂ ਕੁਲਗਾਮ 'ਚ ਪੈਦਾ ਤਣਾਅ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਾਰਾ ਦਿਨ ਸੁਰੱਖਿਆ ਦੇ ਕਰੜੇ ਬੰਦੋਬਸਤ ਰੱਖੇ।

ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਮਾਰੇ ਗਏ ਅੱਤਵਾਦੀਆਂ 'ਚ ਪੰਜ ਲੱਖ ਦਾ ਇਨਾਮੀ ਨਵੀਦ ਬੱਟ ਉਰਫ ਫੁਰਕਾਨ ਤੇ ਤਿੰਨ ਲੱਖ ਦਾ ਇਨਾਮੀ ਆਕਿਬ ਯਾਸੀਨ ਬੱਟ ਸ਼ਾਮਲ ਹਨ। ਦੋਵਾਂ ਦੇ ਬਿਜਬਿਹਾੜਾ ਦੇ ਨਜ਼ਦੀਕ ਨੈਨਾ ਸੰਗਮ 'ਚ ਲੁਕੇ ਹੋਣ ਦੀ ਸੂਚਨਾ ਮਿਲਦਿਆਂ ਹੀ ਕੱਲ੍ਹ ਰਾਤ ਪੁਲਿਸ ਨੇ ਫੌਜ ਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਤਲਾਸ਼ੀ ਮੁਹਿੰਮ ਚਲਾਈ ਸੀ। ਗੁੰਡ ਖਲੀਲ ਬਾਬਾ ਮੁਹੱਲੇ 'ਚ ਜਿਵੇਂ ਹੀ ਜਵਾਨ ਦਾਖਲ ਹੋਏ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਉਨ੍ਹਾਂ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ 'ਤੇ ਜਵਾਨਾਂ ਨੇ ਖੁਦ ਨੂੰ ਬਚਾਉਂਦੇ ਪੋਜ਼ੀਸ਼ਨ ਲਈ ਤੇ ਅੱਤਵਾਦੀਆਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ, ਪਰ ਉਹ ਨਹੀਂ ਮੰਨੇ। ਇਸ ਮਗਰੋਂ ਸ਼ੁਰੂ ਹੋਇਆ ਮੁਕਾਬਲਾ ਕਰੀਬ ਇਕ ਘੰਟੇ ਤਕ ਚੱਲਿਆ। ਇਸ 'ਚ ਦੋਵੇਂ ਅੱਤਵਾਦੀ ਮਾਰੇ ਗਏ। ਮਾਰੇ ਗਏ ਅੱਤਵਾਦੀਆਂ ਤੋਂ ਇਕ ਅਸਾਲਟ ਰਾਈਫਲ, ਇਕ ਪਿਸਤੌਲ, ਤਿੰਨ ਮੈਗਜ਼ੀਨ ਤੇ ਕੁਝ ਹੋਰ ਗੋਲਾ ਬਾਰੂਦ ਵੀ ਮਿਲਿਆ ਹੈ।