ਸਟੇਟ ਬਿਊਰੋ, ਸ੍ਰੀਨਗਰ : ਜੰਮੂ-ਕਸ਼ਮੀਰ 'ਚ ਪਾਕਿਸਤਾਨ ਦੇ ਯੋਜਨਾਬੱਧ ਅੱਤਵਾਦ ਖ਼ਿਲਾਫ਼ ਭਾਰਤੀ ਸੁਰੱਖਿਆ ਬਲਾਂ ਨੂੰ ਬੁੱਧਵਾਰ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ, ਜਦੋਂ ਜੈਸ਼ ਦੇ ਪਾਕਿਸਤਾਨੀ ਕਮਾਂਡਰ ਤੇ ਆਈਈਡੀ ਮਾਹਰ ਅਬਦੁੱਲ ਰਹਿਮਾਨ ਉਰਫ ਫ਼ੌਜੀ ਨੂੰ ਦੋ ਸਥਾਨਕ ਅੱਤਵਾਦੀਆਂ ਨਾਲ ਮਾਰ ਸੁੱਟਿਆ। ਅਫ਼ਗਾਨਿਸਤਾਨ 'ਚ ਅਮਰੀਕੀ ਫ਼ੌਜਾਂ ਨਾਲ ਲੜਨ ਤੋਂ ਬਾਅਦ ਕਸ਼ਮੀਰ 'ਚ ਤਬਾਹੀ ਮਚਾਉਣ ਲਈ ਭੇਜੇ ਗਏ ਅਬਦੁੱਲ ਰਹਿਮਾਨ ਨੇ ਹੀ ਬੀਤੀ 28 ਮਈ ਨੂੰ ਪੁਲਵਾਮਾ ਵਰਗਾ ਹਾਦਸਾ ਦੁਹਰਾਉਣ ਦੀ ਸਾਜ਼ਿਸ਼ ਰਚੀ ਸੀ। ਇਸ ਦੇ ਪੰਜ ਦਿਨਾਂ 'ਚ ਹੀ ਦਹਿਸ਼ਤਗਰਦਾਂ ਨੂੰ ਕੰਗਨ (ਪੁਲਵਾਮਾ) 'ਚ ਮਾਰ ਮੁਕਾਇਆ ਹੈ। ਹਿਜ਼ਬੁੱਲ ਦੇ ਕਸ਼ਮੀਰ ਕਮਾਂਡਰ ਰਿਆਜ਼ ਨਾਇਕੂ ਦੇ ਮਾਰੇ ਜਾਣ ਤੋਂ ਬਾਅਦ ਸਭ ਤੋਂ ਵੱਡੀ ਸਫ਼ਲਤਾ ਮੰਨੀ ਜਾ ਰਹੀ ਹੈ।

ਪਾਕਿਸਤਾਨ ਦੇ ਮੁਲਤਾਨ ਦਾ ਰਹਿਣ ਵਾਲਾ ਅਬਦੁੱਲ ਰਹਿਮਾਨ ਉਰਫ ਫ਼ੌਜੀ ਨਵੰਬਰ 2017 'ਚ ਕਸ਼ਮੀਰ 'ਚ ਜੈਸ਼ ਸਰਗਨਾ ਮਸੂਦ ਦੇ ਭਤੀਜੇ ਤਲਹਾ ਰਸ਼ੀਦ ਦੇ ਮਾਰੇ ਜਾਣ ਤੋਂ ਬਾਅਦ ਦਾਖ਼ਲ ਹੋਇਆ ਸੀ। ਬੀਤੇ ਸਾਲ ਪੁਲਵਾਮਾ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਵਾਦੀ 'ਚ ਸਰਗਰਮ ਜੈਸ਼ ਦੇ ਲਗਪਗ ਸਾਰੇ ਪ੍ਰਮੁੱਖ ਕਮਾਂਡਰਾਂ ਨੂੰ ਮਾਰ ਮੁਕਾਇਆ ਸੀ ਪਰ ਫ਼ੌਜੀ ਪੱਥਰਬਾਜ਼ਾਂ ਦੀ ਆੜ 'ਚ ਕਾਫੀ ਸਮੇਂ ਤੋਂ ਬਚਦਾ ਫਿਰ ਰਿਹਾ ਸੀ।

ਹੁਣ ਮੁੜ ਹੋਇਆ ਸੀ ਸਰਗਰਮ

ਜੈਸ਼ ਨੇ ਵਾਦੀ 'ਚ ਆਪਣੀ ਹਾਜ਼ਰੀ ਦਿਖਾਉਣ ਤੇ ਕੇਡਰ ਦਾ ਮਨੋਬਲ ਬਣਾਈ ਰੱਖਣ ਲਈ ਹਿਜ਼ਬੁੱਲ ਮੁਜ਼ਾਹਿਦੀਨ ਨਾਲ ਰਲ ਕੇ ਇਕ ਵਾਰ ਪੁਲਵਾਮਾ ਵਰਗਾ ਵੱਡਾ ਧਮਾਕਾ ਕਰਨ ਦੀ ਸਾਜ਼ਿਸ਼ ਰਚੀ ਸੀ। ਜੈਸ਼ 11 ਮਈ ਨੂੰ ਕਾਰ ਬੰਬ ਧਮਾਕਾ ਕਰਨਾ ਚਾਹੁੰਦਾ ਸੀ ਪਰ ਉਸੇ ਦਿਨ ਨਾਕਾਮ ਰਹਿਣ ਤੋਂ ਬਾਅਦ 28 ਮਈ ਨੂੰ ਹਮਲੇ ਦੀ ਸਾਜ਼ਿਸ਼ ਰਚੀ ਗਈ ਸੀ। ਫ਼ੌਜੀ ਨਾਲ ਇਸਮਾਈਲ ਤੇ ਗਾਜੀ ਰਸ਼ੀਦ ਵੀ ਇਸ ਸਾਜ਼ਿਸ਼ 'ਚ ਸ਼ਾਮਲ ਸਨ। ਕਾਰ ਨੂੰ ਤਿਆਰ ਕਰਨ 'ਚ ਫ਼ੌਜੀ ਨੇ ਅਹਿਮ ਭੂਮਿਕਾ ਨਿਭਾਈ ਸੀ ਪਰ ਪੁਲਿਸ ਨੇ ਪਹਿਲਾਂ ਹੀ ਕਾਰ ਨੂੰ ਬਰਾਮਦ ਕਰ ਲਿਆ ਸੀ।

ਪੰਜ ਦਿਨ ਬਾਅਦ ਆਇਆ ਘੇਰੇ 'ਚ

ਸੁਰੱਖਿਆ ਬਲ ਪੰਜ ਦਿਨ ਤੋਂ ਤਿੰਨ ਤਲਾਸ਼ੀ ਮੁਹਿੰਮਾਂ ਚਲਾ ਰਹੇ ਸਨ। ਬੁੱਧਵਾਰ ਸਵੇਰੇ ਫ਼ੌਜੀ ਜਾਲ 'ਚ ਫਸ ਲਿਆ। ਉਹ ਆਪਣੇ ਦੋ ਸਥਾਨਕ ਸਾਥੀਆਂ ਜਾਹਿਦ ਬਟ ਤੇ ਮੰਜੂਰ ਨਾਲ ਕੰਗਨ 'ਚ ਲੁਕਿਆ ਹੋਇਆ ਸੀ। ਜਵਾਨਾਂ ਨੂੰ ਆਉਂਦੇ ਦੇਖ ਅੱਤਵਾਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਇਕ ਮਕਾਨ ਦੇ ਬਾਹਰੀ ਹਿੱਸੇ 'ਚ ਬਣੇ ਪਸ਼ੂ ਦੇ ਵਾੜੇ 'ਚ ਜਾ ਕੇ ਲੁਕੇ। ਇਸ ਦੌਰਾਨ ਫਾਇਰਿੰਗ 'ਚ ਇਕ ਜਵਾਨ ਜ਼ਖ਼ਮੀ ਹੋ ਗਿਆ। ਸੁਰੱਖਿਆ ਬਲਾਂ ਨੇ ਫੌਰੀ ਕਾਰਵਾਈ ਕਰਦਿਆਂ ਤਿੰਨ ਅੱਤਵਾਦੀਆਂ ਨੂੰ 10 ਮਿੰਟ 'ਚ ਹੀ ਢੇਰ ਕਰ ਦਿੱਤਾ। ਅੱਤਵਾਦੀਆਂ 'ਤੇ ਸੁੱਟੇ ਗਏ ਗ੍ਰੇਨੇਡ ਫਟਣ ਨਾਲ ਉਨ੍ਹਾਂ ਦਾ ਠਿਕਾਣਾ ਬਣਿਆ ਢਾਂਚਾ ਵੀ ਤਬਾਹ ਹੋ ਗਿਆ। ਇਸ ਦੌਰਾਨ ਇੰਟਰਨੈੱਟ ਸੇਵਾਵਾਂ ਨੂੰ ਬੰਦ ਕਰ ਦਿੱਤਾ ਗਿਆ।

31 ਮਹੀਨੇ ਤਕ ਲੁਕਦਾ ਰਿਹਾ ਤੇ 10 ਮਿੰਟ 'ਚ ਢੇਰ

ਅਫ਼ਗਾਨਿਸਤਾਨ ਤੋਂ ਸਥਾਨਕ ਅੱਤਵਾਦੀਆਂ ਨੂੰ ਸਿਖਲਾਈ ਦੇਣ ਲਈ ਭੇਜਿਆ ਗਿਆ ਜੈਸ਼ ਕਮਾਂਡਰ ਫ਼ੌਜੀ ਨਵੰਬਰ 2017 'ਚ ਕਸ਼ਮੀਰ 'ਚ ਦਾਖ਼ਲ ਹੋਣ ਤੋਂ ਬਾਅਦ ਲੋ-ਪ੍ਰਰੋਫਾਈਲ ਰਹਿੰਦਾ ਸੀ ਤੇ ਜ਼ਿਆਦਾ ਦਿਨ ਕਿਤੇ ਠਿਕਾਣਾ ਨਹੀਂ ਬਣਾਉਂਦਾ ਸੀ। ਬੀਤੇ ਸਾਲ ਨਵੰਬਰ ਮਹੀਨੇ ਦੌਰਾਨ ਉਸ ਨੇ ਪੁਲਵਾਮਾ, ਸ਼ੋਪੀਆਂ ਤੇ ਬੜਗਾਮ 'ਚ ਆਪਣੀਆਂ ਸਰਗਰਮੀਆਂ ਵਧਾਉਣੀਆਂ ਸ਼ੁਰੂ ਕੀਤੀਆਂ। ਸੂਤਰਾਂ ਅਨੁਸਾਰ ਫ਼ੌਜੀ ਅਕਸਰ ਇਕ ਹੋਰ ਪਾਕਿਸਤਾਨੀ ਕਮਾਂਡਰ ਇਸਮਾਈਲ ਨਾਲ ਮੁਰਨ (ਪੁਲਵਾਮਾ) 'ਚ ਆਉਂਦਾ ਰਹਿੰਦਾ ਸੀ। ਜਨਵਰੀ ਮਹੀਨੇ 'ਚ ਦੋਵੇਂ 'ਤੇ ਸ਼ਿਕੰਜਾ ਕੱਸਣ ਲਈ ਸੁਰੱਖਿਆ ਬਲਾਂ ਨੇ 20 ਵਾਰ ਘੇਰਾਬੰਦੀ ਕੀਤੀ ਪਰ ਹਰ ਵਾਰ ਪੱਥਰਬਾਜ਼ਾਂ ਦੀ ਆੜ 'ਚ ਬਚ ਨਿਕਲਦੇ।