ਔਰੰਗਾਬਾਦ (ਪੀਟੀਆਈ) : ਮਹਾਰਾਸ਼ਟਰ ਦੇ ਪਵਿੱਤਰ ਤਖ਼ਤ ਹਜ਼ੂਰ ਸਾਹਿਬ ਸੱਚਖੰਡ ਗੁਰਦੁਆਰਾ ਅਤੇ ਨਾਂਦੇੜ ਦੇ ਗੁਰਦੁਆਰਾ ਲੰਗਰ ਸਾਹਿਬ ਨੂੰ ਸ਼ੁੱਕਰਵਾਰ ਨੂੰ ਬੰਦ ਕਰ ਦਿੱਤਾ ਗਿਆ ਹੈ। ਇਹ ਕਦਮ ਪ੍ਰਸ਼ਾਸਨ ਨੇ ਇੱਥੋਂ ਪੰਜਾਬ ਗਏ ਸ਼ਰਧਾਲੂਆਂ ਦੇ ਕੋਰੋਨਾ ਤੋਂ ਪ੍ਰਭਾਵਿਤ ਪਾਏ ਜਾਣ ਪਿੱਛੋਂ ਚੁੱਕਿਆ ਗਿਆ ਹੈ।

ਦਰਅਸਲ, ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਗੁਰਦੁਆਰਾ ਤੋਂ ਪਰਤੇ 3,500 ਸ਼ਰਧਾਲੂਆਂ ਵਿੱਚੋਂ 9 ਲੋਕਾਂ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੇਟਿਵ ਪਾਇਆ ਗਿਆ ਹੈ। ਇਨ੍ਹਾਂ ਪਾਜ਼ੇਟਿਵ ਲੋਕਾਂ ਵਿਚ ਛੇ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਅਤੇ ਤਿੰਨ ਕਪੂਰਥਲਾ ਜ਼ਿਲ੍ਹੇ ਦੇ ਹਨ। ਤਰਨ ਤਾਰਨ ਗ੍ਰੀਨ ਜ਼ੋਨ ਵਿਚ ਸੀ ਪ੍ਰੰਤੂ ਨਵੇਂ ਮਰੀਜ਼ਾਂ ਦੇ ਮਿਲਣ ਪਿੱਛੋਂ ਗ੍ਰੀਨ ਜ਼ੋਨ ਤੋਂ ਬਾਹਰ ਹੋ ਗਿਆ ਹੈ।

ਦਰਅਸਲ, ਵੀਰਵਾਰ ਨੂੰ ਤਰਨ ਤਾਰਨ ਅਤੇ ਮੋਹਾਲੀ ਵਿਚ ਬੱਸਾਂ ਰਾਹੀਂ ਸ਼ਰਧਾਲੂ ਪੁੱਜੇ ਸਨ। ਇਨ੍ਹਾਂ ਸ਼ਰਧਾਲੂਆਂ ਵਿੱਚੋਂ 9 ਪਾਜ਼ੇਟਿਵ ਨਿਕਲੇ ਹਨ। ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 6 ਵਿੱਚੋਂ 5 ਕੋਰੋਨਾ ਪਾਜ਼ੇਟਿਵ ਲੋਕ ਤਰਨ ਤਾਰਨ ਦੇ ਪਿੰਡ ਸੁਰਸਿੰਘ ਤੋਂ ਹਨ। ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਸੁਰਸਿੰਘ ਨੂੰ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤਾ ਹੈ ਅਤੇ ਇਨ੍ਹਾਂ ਸ਼ਰਧਾਲੂਆਂ ਦੇ ਪਰਿਵਾਰਾਂ ਨੂੰ ਵੀ ਇਕਾਂਤਵਾਸ 'ਚ ਰੱਖ ਕੇ ਉਨ੍ਹਾਂ ਦੀ ਸਿਹਤ ਜਾਂਚ ਲਈ ਨਮੂਨੇ ਲੈ ਲਏ ਹਨ।

3,500 ਤੋਂ ਜ਼ਿਆਦਾ ਸਿੱਖ ਸ਼ਰਧਾਲੂ ਲਾਕਡਾਊਨ ਕਾਰਨ ਮਹਾਰਾਸ਼ਟਰ ਦੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਚ ਫੱਸ ਗਏ ਸਨ। ਸਾਰੀਆਂ ਕੋਸ਼ਿਸ਼ਾਂ ਪਿੱਛੋਂ ਪੰਜਾਬ ਸਰਕਾਰ ਨੂੰ ਇਨ੍ਹਾਂ ਨੂੰ ਵਾਪਸ ਲਿਆਉਣ 'ਚ ਇਕ ਮਹੀਨਾ ਲੱਗਾ। ਪੰਜਾਬ ਤੋਂ 90 ਬੱਸਾਂ ਸ਼ਰਧਾਲੂਆਂ ਨੂੰ ਲਿਆਉਣ ਲਈ ਭੇਜੀਆਂ ਗਈਆਂ ਸਨ। ਵਾਪਸ ਪੁੱਜ ਰਹੇ ਸਾਰੇ ਸ਼ਰਧਾਲੂਆਂ ਨੂੰ ਕੁਆਰੰਟਾਈਨ ਕਰ ਕੇ ਕੋਵਿਡ ਸੈਂਪਲਿੰਗ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ ਪ੍ਰੰਤੂ ਸ਼ੁਰੂਆਤੀ ਕੇਸ ਦੇਖ ਕੇ ਸਰਕਾਰ ਦੇ ਹੋਸ਼ ਉੱਡੇ ਹੋਏ ਹਨ।