ਜੇਐੱਨਐੱਨ, ਨਵੀਂ ਦਿੱਲੀ : ਨਿਜ਼ਾਮੂਦੀਨ ਸਥਿਤ ਤਬਲੀਗੀ ਮਰਕਜ਼ 'ਚੋਂ ਕੱਢੇ ਗਏ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਦੀ ਜਾਣਕਾਰੀ ਵੀਰਵਾਰ ਨੂੰ ਡਿਜੀਟਲ ਪ੍ਰੈੱਸ ਵਾਰਤਾ ਕਰਕੇ ਦਿੱਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਮਿਲਾ ਕੇ ਹੁਣ ਤਕ ਚਾਰ ਮੌਤਾਂ ਹੋ ਚੁੱਕੀਆਂ ਹਨ। ਸੀਐੱਮ ਕੇਜਰੀਵਾਲ ਨੇ ਦੱਸਿਆ ਕਿ ਦਿੱਲੀ 'ਚ ਕੋਰੋਨਾ ਅਜੇ ਤਕ ਕੰਟਰੋਲ 'ਚ ਹੈ। ਇਸ ਨੂੰ ਰੋਕਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ 29 ਮਾਮਲੇ ਵਿਦੇਸ਼ ਤੋਂ ਆਏ ਸਨ। ਮਰਕਜ਼ 'ਚੋਂ 2346 ਜਣਿਆਂ ਨੂੰ ਕੱਢਿਆ ਗਿਆ ਸੀ।

ਸਮਾਚਾਰ ਏਜੰਸੀ ਏਐੱਨਆਈ ਅਨੁਸਾਰ, ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ' ਹੁਣ ਤਕ ਕੋਰੋਨਾ ਦੇ 219 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 'ਚੋਂ 108 ਲੋਕ ਨਿਜ਼ਾਮੂਦੀਨ ਸਥਿਤ ਤਬਲੀਗੀ ਮਰਕਜ਼ ਦੇ ਲੋਕ ਹਨ।

ਤਬਲੀਗੀ ਮਰਕਜ਼ 'ਚੋਂ ਕੱਢੇ ਗਏ 108 ਲੋਕ ਕੋਰੋਨਾ ਤੋਂ ਪੀੜਤ

ਦੱਸ ਦੇਈਏ ਕਿ ਤਬਲੀਗੀ ਮਰਕਜ਼ 'ਚੋਂ ਕੱਢੇ ਗਏ 108 ਲੋਕ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਇਨ੍ਹਾਂ 'ਚੋਂ 29 ਜਣਿਆਂ ਦੀ ਰਿਪੋਰਟ ਬੁੱਧਵਾਰ ਨੂੰ ਪੌਜ਼ਿਟਿਵ ਆਈ ਹੈ। ਇਸ ਤੋਂ ਇਲਾਵਾ ਉੱਥੋਂ ਕੱਢੇ ਗਏ 483 ਸ਼ੱਕੀ ਮਰੀਜ਼ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਹਨ। ਇਸ ਤੋਂ ਇਲਾਵਾ 1810 ਜਣਿਆਂ ਨੂੰ ਸੱਤ ਇਕਾਂਤਵਾਸ ਕੇਂਦਰਾਂ 'ਚ ਭੇਜਿਆ ਗਿਆ ਹੈ। ਸਿਹਤ ਵਿਭਾਗ ਅਨੁਸਾਰ, ਮਰਕਜ਼ 'ਚੋਂ ਕੁੱਲ 2346 ਲੋਕ ਕੱਢੇ ਗਏ ਹਨ। ਇਨ੍ਹਾਂ 'ਚੋਂ 536 ਲੋਕਾਂ ਨੂੰ ਵੱਖ-ਵੱਖ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ।

Posted By: Jagjit Singh