ਨਵੀਂ ਦਿੱਲੀ (ਆਈਏਐੱਨਐੱਸ) : ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਲਈ ਆਪਣੇ ਕਾਨੂੰਨ ਅਧਿਕਾਰੀਆਂ 'ਚ ਵੱਡਾ ਫੇਰਬਦਲ ਕੀਤਾ ਹੈ। ਕੇਂਦਰੀ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਸੀਨੀਅਰ ਵਕੀਲ ਤੁਸ਼ਾਰ ਮਹਿਤਾ ਨੂੰ ਸਾਲਿਸਟਰ ਜਨਰਲ ਵਜੋਂ ਤਿੰਨ ਸਾਲਾਂ ਲਈ ਮੁੜ ਨਿਯੁਕਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸੀਨੀਅਰ ਵਕੀਲ ਕੇਕੇ ਵੇਣੂਗੋਪਾਲ ਨੂੰ ਦੇਸ਼ ਦੇ ਅਟਾਰਨੀ ਜਨਰਲ ਦੇ ਅਹੁਦੇ 'ਤੇ ਇਕ ਸਾਲ ਲਈ ਮੁੜ ਨਿਯੁਕਤ ਕੀਤਾ ਗਿਆ ਹੈ। ਸੀਨੀਅਰ ਵਕੀਲ ਪਿੰਕੀ ਆਨੰਦ ਤੇ ਏਐੱਨਐੱਸ ਨਾਡਕਰਨੀ ਨੂੰ ਐਡੀਸਨਲ ਸਾਲਿਸਟਰ ਜਨਰਲ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਕੇਂਦਰ ਨੇ ਵਿਕਰਮਜੀਤ ਬੈਨਰਜੀ, ਅਮਨ ਲੇਖੀ, ਮਾਧਵੀ ਦੀਵਾਨ, ਕੇਐੱਮ ਨਟਰਾਜ ਤੇਸੰਜੇ ਜੈਨ ਨੂੰ ਤਿੰਨ ਸਾਲਾਂ ਲਈ ਸੁਪਰੀਮ ਕੋਰਟ 'ਚ ਐਡੀਸ਼ਨਲ ਸਾਲਿਸਟਰ ਜਨਰਲ ਨਿਯੁਕਤ ਕੀਤਾ ਹੈ।

ਨਿਯੁਕਤੀ ਕਮੇਟੀ ਨੇ ਹਾਈ ਕੋਰਟ ਲਈ ਵੀ ਪੰਜ ਐਡੀਸ਼ਨਲ ਸਾਲਿਸਟਰ ਜਨਰਲਾਂ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ 'ਚ ਕਲਕੱਤਾ ਹਾਈ ਕੋਰਟ ਲਈ ਵਾਈ ਜੇ ਦਸਤੂਰ, ਦਿੱਲੀ ਹਾਈ ਕੋਰਟ ਲਈ ਚੇਤਨ ਸ਼ਰਮਾ, ਮਦਰਾਸ ਹਾਈ ਕੋਰਟ ਲਈ ਆਰ ਸ਼ੰਕਰ ਨਾਰਾਇਣਨ, ਪਟਨਾ ਹਾਈ ਕੋਰਟ ਲਈ ਡਾ. ਕ੍ਰਿਸ਼ਨ ਨੰਦਨ ਸਿੰਘ ਤੇ ਗੁਜਰਾਤ ਹਾਈ ਕੋਰਟ ਲਈ ਦੇਵਾਂਗ ਗਿਰੀਸ਼ ਵਿਆਸ ਸ਼ਾਮਲ ਹਨ।