ਸਟਾਫ ਰਿਪੋਰਟਰ, ਜੰਮੂ : ਜੰਮੂ ਡਵੀਜ਼ਨ ਦੇ ਸਾਂਬਾ ਜ਼ਿਲ੍ਹੇ ਵਿਚ ਕੌਮਾਂਤਰੀ ਸਰਹੱਦ (ਆਈਬੀ) ਨਾਲ ਲੱਗਦੇ ਪਿੰਡ ਰਿਗਾਲ ਵਿਚ ਪਾਕਿਸਤਾਨੀ ਸਾਜ਼ਿਸ਼ ਦਾ ਪਰਦਾਫ਼ਾਸ਼ ਕਰਦਿਆਂ ਇਕ ਸੁਰੰਗ ਦਾ ਪਤਾ ਲਾਇਆ ਗਿਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਸੁਰੰਗ ਨਾਲ ਤਿੰਨ ਦਿਨ ਪਹਿਲਾਂ ਨਗਰੋਟਾ ਦੇ ਬਨ ਟੋਲ ਪਲਾਜ਼ਾ ਨੇੜੇ ਮਾਰੇ ਗਏ ਜੈਸ਼-ਏ-ਮੁਹੰਮਦ ਦੇ ਚਾਰ ਅੱਤਵਾਦੀ ਦਾਖ਼ਲ ਹੋਏ ਸਨ। ਸੁਰੰਗ ਨੂੰ ਬੀਐੱਸਐੱਫ ਤੇ ਜੰਮੂ-ਕਸ਼ਮੀਰ ਪੁਲਿਸ ਦੀ ਗਸ਼ਤੀ ਟੀਮ ਨੇ ਲੱਭਿਆ ਹੈ। ਜੰਮੂ-ਕਸ਼ਮੀਰ ਪੁਲਿਸ ਦੇ ਮੁਖੀ ਦਿਲਬਾਗ ਸਿੰਘ ਨੇ ਸੁਰੰਗ ਜ਼ਰੀਏ ਹੋਰ ਅੱਤਵਾਦੀਆਂ ਦੇ ਭਾਰਤੀ ਖੇਤਰ ਵਿਚ ਘੁਸਪੈਠ ਤੋਂ ਇਨਕਾਰ ਨਹੀਂ ਕੀਤਾ ਹੈ। ਉਧਰ ਜੰਮੂ ਬੀਐੱਸਐੱਫ ਫਰੰਟੀਅਰ ਦੇ ਪੁਲਿਸ ਆਈਜੀ ਐੱਨਐੱਲ ਜਮਵਾਲ ਦਾ ਕਹਿਣਾ ਹੈ ਕਿ ਇਹ ਸੁਰੰਗ ਕੌਮਾਂਤਰੀ ਸਰਹੱਦ 'ਤੇ ਪਿੰਡ ਰਿਗਾਲ ਕੋਲ ਮਿਲੀ ਹੈ ਜੋ ਜ਼ੀਰੋ ਲਾਈਨ ਕੋਲ ਹੈ।

19 ਨਵੰਬਰ ਨੂੰ ਨਗਰੋਟਾ ਦੇ ਬਨ ਟੋਲ ਪਲਾਜ਼ਾ ਵਿਚ ਮਾਰੇ ਗਏ ਅੱਤਵਾਦੀਆਂ ਤੋਂ ਮਿਲੇ ਸਮਾਰਟ ਫੋਨ ਤੇ ਸੈਟੇਲਾਈਟ ਫੋਨਾਂ ਦੀ ਪੁਣਛਾਣ ਕੀਤੀ ਗਈ ਤਾਂ ਇਨ੍ਹਾਂ ਦੀ ਲੋਕੇਸ਼ਨ ਦਾ ਸਹੀ ਪਤਾ ਲੱਗਾ। ਡੀਜੀਪੀ ਦਿਲਬਾਗ ਸਿੰਘ ਨੇ ਕਿਹਾ ਕਿ ਚਾਰੇ ਅੱਤਵਾਦੀ 18 ਨਵੰਬਰ ਦੀ ਰਾਤ ਕਰੀਬ 8:30 ਵਜੇ ਬਾਰਤੀ ਸਰਹੱਦ 'ਚ ਦਾਖ਼ਲ ਹੋਏ ਸਨ। ਕਰੀਬ 12:30 ਵਜੇ ਚਾਰੇ ਅੱਤਵਾਦੀ ਜੰਮੂ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਜਤਵਾਲ ਪੁੱਜੇ ਜੋ ਆਈਬੀ ਤੋਂ ਕਰੀਬ ਅੱਠ ਕਿਲੋਮੀਟਰ ਦੂਰ ਹੈ। ਉੱਥੋਂ ਚਾਰੇ ਟਰੱਕ ਵਿਚ ਸਵਾਰ ਹੋਏ। ਲੋਕੇਸ਼ਨ ਤੋਂ ਸਾਰੀ ਤਸਵੀਰ ਸਾਫ਼ ਹੋਣ ਪਿੱਛੋਂ ਪੁਲਿਸ ਟੀਮ ਨੇ ਬੀਐੱਸਐੱਫ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਸਰਹੱਦ ਨਾਲ ਲੱਗਦੇ ਪਿੰਡਾਂ ਦੀ ਤਲਾਸ਼ੀ ਲਈ ਗਈ ਤਾਂ ਦੁਪਹਿਰ 12 ਵਜੇ ਰਿਗਾਲ ਪਿੰਡ ਵਿਚ ਸੁਰੰਗ ਦਾ ਪਤਾ ਲੱਗਾ।

2.5 ਫੁੱਟ ਹੈ ਸੁਰੰਗ ਦੀ ਗੋਲਾਈ

ਸੁਰੰਗ ਦਾ ਇਕ ਪਾਸਾ ਭਾਰਤੀ ਖੇਤਰ ਵਿਚ ਜਿਸ ਦਾ ਵਿਆਸ ਲਗਪਗ ਤਿੰਨ ਫੁੱਟ ਹੈ ਤੇ ਦੂਜਾ ਪਾਸਾ ਪਾਕਿਸਤਾਨ ਵੱਲ ਹੈ। ਸਾਹਮਣੇ ਪਾਕਿਸਤਾਨ ਦੀ ਭੂਰਾ ਚੱਕ ਚੌਕੀ ਹੈ। ਸੁਰੰਗ ਅੰਦਰਲੀ ਗੋਲਾਈ ਕਰੀਬ 2.5 ਫੁੱਟ ਹੈ। ਮਿੱਟੀ ਨਾ ਧਸੇ ਇਸ ਲਈ ਸੁਰੰਗ ਦੇ ਦੋਵੇਂ ਪਾਸੇ ਫੱਟੇ ਲਾਏ ਗਏ ਹਨ। ਅਜਿਹਾ ਲੱਗਦਾ ਹੈ ਕਿ ਸੁਰੰਗ ਦਾ ਨਿਰਮਾਣ ਮਾਹਿਰ ਇੰਜੀਨੀਅਰਾਂ ਨੇ ਕੀਤਾ ਹੈ ਜਿਸ ਨਾਲ ਇਸ ਦੀ ਵਰਤੋਂ 12 ਮਹੀਨੇ ਘੁਸਪੈਠ ਲਈ ਕੀਤੀ ਜਾ ਸਕੇ।

ਜ਼ਮੀਨ ਤੋਂ 25 ਫੁੱਟ ਹੇਠਾਂ ਹੈ ਸੁਰੰਗ

ਸੁਰੰਗ ਦੇ ਨਿਰਮਾਣ ਦੌਰਾਨ ਘੁਸਪੈਠ ਦੌਰਾਨ ਮਿੱਟੀ ਧੱਸਣ ਦੀ ਕੋਈ ਗੁੰਜਾਇਸ਼ ਨਹੀਂ ਛੱਡੀ ਗਈ ਹੈ। ਇਹ ਸੁਰੰਗ ਜ਼ਮੀਨੀ ਪੱਧਰ ਤੋਂ ਕਰੀਬ 25 ਫੁੱਠ ਹੇਠਾਂ ਹੈ। ਇਸ ਅੰਦਰ ਫੱਟਿਆਂ ਤੋਂ ਇਲਾਵਾ ਪਾਲੀਥੀਨ ਦੀਆਂ ਸ਼ੀਟਾਂ ਦੀ ਵੀ ਵਰਤੋਂ ਕੀਤੀ ਗਈ ਹੈ ਤਾਂ ਜੋ ਇਸ ਵਿਚ ਬਾਰਿਸ਼ ਦੇ ਦਿਨਾਂ ਵਿਚ ਪਾਣੀ ਦਾ ਰਿਸਾਅ ਵੀ ਨਾ ਹੋਵੇ। ਇਹ ਸੁਰੰਗ ਹੁਣ ਜਿਹੇ ਹੀ ਬਣਾਈ ਗਈ ਹੈ। ਸੁਰੰਗ ਦੇ ਮੂੰਹ 'ਤੇ ਮਿੱਟੀ ਤੇ ਰੇਤ ਨਾਲ ਭਰੀਆਂ ਬੋਰੀਆਂ ਲਾਈਆਂ ਗਈਆਂ ਹਨ। ਬੋਰੀਆਂ 'ਤੇ ਐਗਰੋ ਤੇ ਸਬਜ਼ ਐਗਰੋ ਬੈਗ ਯੂਰੀਆ ਖਾਦ ਮੈਨੂਫੈਕਚਰਿੰਗ ਇਨ ਪਾਕਿਸਤਾਨ ਉਰਦੂ ਵਿਚ ਲਿਖਿਆ ਹੋਇਆ ਹੈ। ਕੁਝ ਬੋਰੀਆਂ 'ਤੇ ਕਾਸਿਮ ਕਰਾਚੀ ਕੈਮੀਕਲ ਵੀ ਲਿਖਿਆ ਹੋਇਆ ਹੈ।

ਮੱਸਿਆ ਦੀ ਰਾਤ ਦਾਖ਼ਲ ਹੋਏ ਸਨ ਚਾਰੇ

ਸੂਤਰਾਂ ਮੁਤਾਬਕ ਬਲ ਟੋਲ ਪਲਾਜ਼ੇ ਨੇੜੇ ਵਾਰੇ ਗਏ ਅੱਤਵਾਦੀ ਕਮਾਂਡੋ ਟ੍ਰੇਨਿੰਗ ਪ੍ਰਰਾਪਤ ਸਨ ਜੋ ਮੱਸਿਆ ਦੀ ਰਾਤ ਨੂੰ ਪੈਦਲ ਸਰਹੱਦ ਤੋਂ ਹਾਈਵੇ ਤਕ ਪੁੱਜੇ। ਇਨ੍ਹਾਂ ਨਾਲ ਗਾਈਡ ਹੋਣ ਦੀ ਗੱਲ ਤੋਂ ਵੀ ਸੁਰੱਖਿਆ ਅਧਿਕਾਰੀਆਂ ਨੇ ਇਨਕਾਰ ਨਹੀਂ ਕੀਤਾ। 31 ਜਨਵਰੀ ਨੂੰ ਤੜਕੇ ਬਨ ਟੋਲ ਪਲਾਜ਼ਾ ਨੇੜੇ ਮਾਰੇ ਗਏ ਤਿੰਨ ਅੱਤਵਾਦੀ ਵੀ ਮੱਸਿਆ ਦੀ ਰਾਤ ਨੂੰ ਸਰਹੱਦ ਤੋਂ ਹਾਈਵੇ ਤਕ ਪੁੱਜੇ ਸਨ। ਮਸੂਦ ਅਜ਼ਹਰ ਦਾ ਭਰਾ ਤੇ ਜੈਸ਼ ਕਮਾਂਡਰ ਰਾਊਫ ਲਾਾਲ ਪਲ-ਪਲ ਦੀ ਜਾਣਕਾਰੀ ਹਾਸਲ ਕਰ ਰਿਹਾ ਸੀ। ਉਸ ਵੇਲੇ ਉਸ ਨਾਲ ਕਾਰੀ ਜਰਾਰ ਤੇ ਕਾਸਿਮ ਜਾਨ ਉਨ੍ਹਾਂ ਦੇ ਹੈਂਡਲਰਾਂ ਦੀ ਭੂਮਿਕਾ ਨਿਭਾ ਰਹੇ ਸਨ।