ਨਿਰਲੋਸ਼ ਕੁਮਾਰ, ਆਗਰਾ : ਆਗਰਾ ਦਾ ਤਾਜ ਮਹਿਲ ਤਾਂ ਸ਼ਾਹਜਹਾਂ ਨੇ ਬੇਗ਼ਮ ਮੁਮਤਾਜ਼ ਦੀ ਯਾਦ 'ਚ ਤਾਮੀਰ ਕਰਵਾਇਆ ਸੀ ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਕ ਤਾਜ ਮਹਿਲ ਤਿਆਰ ਕਰ ਚੁੱਕੇ ਹਨ। ਇਹ ਤਾਜ ਮਹਿਲ ਇਕ ਕੈਸਿਨੋ ਸੀ, ਜਿਸ ਬਾਰੇ ਦਾਅਵਾ ਹੈ ਕਿ ਉਹ ਦੁਨੀਆ ਦਾ ਸਭ ਤੋਂ ਵੱਡਾ ਕੈਸਿਨੋ ਸੀ।

ਅਮਰੀਕਾ ਦੇ ਅਟਲਾਂਟਿਕ ਸਿਟੀ, ਨਿਊ ਜਰਸੀ 'ਚ 1983 'ਚ ਤਾਜ ਦੀ ਤਰਜ਼ 'ਤੇ ਖੂਬਸੂਰਤ ਯਾਦਗਾਰ ਦਾ ਨਿਰਮਾਣ ਬਿਲਡਰ ਰਿਜ਼ਾਰਟ ਇੰਟਰਨੈਸ਼ਨਲ ਨੇ ਸ਼ੁਰੂ ਕੀਤਾ ਸੀ। ਇਸ ਦੀ ਅੰਦਾਜ਼ਨ ਲਾਗਤ 250 ਮਿਲੀਅਨ ਅਮਰੀਕੀ ਡਾਲਰ (ਇਸ ਸਮੇਂ ਕਰੀਬ 18 ਅਰਬ ਰੁਪਏ) ਆਂਕੀ ਗਈ ਸੀ। ਰਿਜ਼ਾਰਟ ਇੰਟਰਨੈਸ਼ਨਲ ਦੇ ਮੁਖੀ ਜੇਮਜ਼ ਕ੍ਰਾਸਬੇ ਇਸ ਦਾ ਨਾਂ ਯੂਨਾਈਟਿਡ ਸਟੇਟਸ ਹੋਟਲ ਰੱਖਣਾ ਚਾਹੁੰਦੇ ਸਨ। 1986 'ਚ ਜੇਮਜ਼ ਕ੍ਰਾਸਬੇ ਇਸ ਦਾ ਨਾਂ ਯੂਨਾਈਟਿਡ ਸਟੇਟਸ ਹੋਟਲ ਰੱਖਣਾ ਚਾਹੁੰਦੇ ਸਨ। 1986 'ਚ ਜੇਮਜ਼ ਦੀ ਮੌਤ ਹੋਣ ਨਾਲ ਕੰਮ ਪ੍ਰਭਾਵਿਤ ਹੋਇਆ। ਉਦੋਂ ਡੋਨਾਲਡ ਟਰੰਪ 79 ਮਿਲੀਅਨ ਅਮਰੀਕੀ ਡਾਲਰ (ਪੰਜ ਅਰਬ 68 ਕਰੋੜ) 'ਚ ਕੰਪਨੀ ਦੇ ਜ਼ਿਆਦਾਤਰ ਸ਼ੇਅਰ ਖਰੀਦ ਕੇ ਚੇਅਰਮੈਨ ਬਣ ਗਏ। ਟਰੰਪ ਨੇ ਤਦੋਂ ਇਸ ਨੂੰ ਤਾਜ ਮਹਿਲ ਦਾ ਨਾਂ ਦਿੱਤਾ। ਇਸ ਦੇ ਨਿਰਮਾਣ 'ਚ ਉਨ੍ਹਾਂ ਨੂੰ ਕਾਫ਼ੀ ਮੁਸ਼ਕਲਾਂ ਝੱਲਣੀਆਂ ਪਈਆਂ। ਉਸ ਸਮੇਂ ਇਸ ਨਿਰਮਾਣ ਨੂੰ ਕਰੀਬ 930 ਮਿਲੀਅਨ ਡਾਲਰ (67 ਅਰਬ ਰੁਪਏ) ਦੀ ਲੋੜ ਸੀ। ਉਨ੍ਹਾਂ ਨੇ ਹੋਟਲ ਦੇ ਸ਼ੇਅਰ ਵੇਚਣ ਦਾ ਫੈਸਲਾ ਕੀਤਾ। ਟੀਵੀ ਪ੍ਰੋਡਿਊਸਰ ਮਾਰਕ ਗਿਫਿਨ ਸਾਰੇ ਸ਼ੇਅਰ ਖਰੀਦ ਕੇ ਕੰਪਨੀ 'ਤੇ ਕਾਬਜ਼ ਹੋ ਗਏ। ਡੋਨਾਲਡ ਤੇ ਗਿਫਿਨ 'ਚ ਮੁਕੱਦਮਾ ਚੱਲਿਆ। ਡੋਨਾਲਡ ਨੇ ਗਿਫਿਨ ਤੋਂ ਤਾਜਮਹਿਲ ਨੂੰ ਦੁਬਾਰਾ ਖਰੀਦ ਲਿਆ। ਦੋ ਅਪ੍ਰੈਲ, 1990 ਨੂੰ ਡੋਨਾਲਡ ਦਾ ਇਹ ਕੈਸਿਨੋ ਬਣ ਕੇ ਪੂਰਾ ਹੋਇਆ। ਇਹ ਦੁਨੀਆ ਦਾ ਸਭ ਤੋਂ ਵੱਡਾ ਕੈਸਿਨੋ ਸੀ। ਇਸ ਦਾ ਉਦਘਾਟਨ ਖੁਦ ਡੋਨਾਲਡ ਟਰੰਪ ਨੇ ਕੀਤਾ ਸੀ।