ਜੇਐੱਨਐੱਨ, ਸ੍ਰੀਨਗਰ : ਧਾਰਾ-370 ਖ਼ਤਮ ਹੋਣ ਦਾ ਇਕ ਸਾਲ ਪੂਰਾ ਹੋਣ 'ਤੇ ਜੰਮੂ-ਕਸ਼ਮੀਰ ਤੋਂ ਲੈ ਕੇ ਲੱਦਾਖ ਤਕ ਆਜ਼ਾਦੀ ਦਾ ਜਸ਼ਨ ਮਨਾਇਆ ਗਿਆ। ਉਥੇ, ਦੇਰ ਸ਼ਾਮ ਦੀਵਾਲੀ ਵਰਗਾ ਨਜ਼ਾਰਾ ਦਿਖਾਈ ਦਿੱਤਾ। ਸਿਰਫ ਜੰਮੂ ਜਾਂ ਲੱਦਾਖ 'ਚ ਹੀ ਨਹੀਂ, ਕਸ਼ਮੀਰ ਸਥਿਤ ਅਨੰਤਨਾਗ ਜ਼ਿਲ੍ਹੇ ਦੇ ਲਾਲ ਚੌਕ ਤੋਂ ਉੱਤਰੀ ਕਸ਼ਮੀਰ 'ਚ ਐੱਲਓਸੀ ਤਕ ਲੋਕਾਂ ਨੇ ਤਿਰੰਗਾ ਲਹਿਰਾ ਕੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਕੀਤਾ। ਕੁਪਵਾੜਾ 'ਚ 'ਸਾਰੇ ਜਹਾਂ ਸੇ ਅੱਛਾ ਹਿੰਦਸਤਾਂ ਹਮਾਰਾ' ਦੀ ਧੁੰਨ ਸੁਣਾਈ ਦਿੱਤੀ। ਪੰਜ ਅਗਸਤ ਦਾ ਦਿਨ ਮੁੜ ਯਾਦਗਾਰ ਬਣ ਗਿਆ। ਕਸ਼ਮੀਰ ਦੇ ਲੋਕਾਂ ਨੇ ਕਿਹਾ ਕਿ ਇਥੇ ਸਿਰਫ 'ਇਕ ਨਿਸ਼ਾਨ-ਇਕ ਵਿਧਾਨ' ਦੀ ਬਹਾਲੀ ਜਾਂ ਸਿਰਫ ਮੁੱਖਧਾਰਾ 'ਚ ਸਮਾਅ ਜਾਣ ਦਾ ਇਕ ਸਾਲ ਨਹੀਂ ਹੈ, ਬਲਕਿ ਇਹ ਪੱਥਰਬਾਜ਼ੀ, ਅੱਤਵਾਦ ਤੇ ਸ਼ੋਸ਼ਣ ਦੀ ਸਿਆਸਤ ਤੋਂ ਮੁਕਤੀ ਦਾ ਇਕ ਸਾਲ ਹੈ।

ਪੰਜ ਅਗਸਤ 2019 ਨੂੰ ਕੇਂਦਰ ਸਰਕਾਰ ਨੇ ਧਾਰਾ 370 ਨੂੰ ਖ਼ਤਮ ਕਰਦਿਆਂ ਜੰਮੂ-ਕਸ਼ਮੀਰ ਪੁਨਰਗਠਿਤ ਐਕਟ 2019 ਨੂੰ ਲਾਗੂ ਕੀਤਾ ਸੀ। ਪੁਨਰਗਠਨ ਦੀ ਪਹਿਲੀ ਵਰ੍ਹੇਗੰਢ 'ਤੇ ਭਾਜਪਾ ਨੇ ਜੰਮੂ-ਕਸ਼ਮੀਰ 'ਚ ਜਗ੍ਹਾ-ਜਗ੍ਹਾ ਤਿਰੰਗਾ ਲਹਿਰਾਉਣ ਦਾ ਐਲਾਨ ਕੀਤਾ ਸੀ। ਇਸ ਮੌਕੇ 'ਤੇ ਅੱਤਵਾਦੀਆਂ ਤੇ ਵੱਖਵਾਦੀਆਂ ਨੇ ਜਿਥੇ ਹਿੰਸਾ ਭੜਕਾਉਣ ਦੀ ਸਾਜ਼ਿਸ਼ ਰਚੀ ਸੀ। ਉਥੇ, ਪੀਪਲਸ ਡੈਮੋਕ੍ਰੈਟਿਕ ਪਾਰਟੀ ਨੇ ਕਾਲਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਪ੍ਰਸ਼ਾਸਨ ਨੇ ਸਥਿਤੀ ਨੂੰ ਭਾਂਪਦਿਆਂ ਪੂਰੀ ਵਾਦੀ 'ਚ ਸੁਰੱਖਿਆ ਵਿਵਸਥਾ ਸਖਤ ਕਰਦਿਆਂ ਕਈ ਇਲਾਕਿਆਂ 'ਚ ਪ੍ਰਸ਼ਾਸਨਿਕ ਪਾਬੰਦੀਆਂ ਵੀ ਲਾਈਆਂ ਸਨ।

ਸ੍ਰੀਨਗਰ 'ਚ ਪਾਬੰਦੀਆਂ ਕਾਰਨ ਧਾਰਾ-370 ਦੀ ਸਮਾਪਤੀ ਦੀ ਵਰ੍ਹੇਗੰਢ ਮਨਾਉਣ ਦੇ ਇਛੁੱਕ ਕੁਝ ਨੌਜਵਾਨ ਨੇ ਭਾਜਪਾ ਦਫ਼ਤਰ 'ਚ ਕਰਵਾਏ ਸਮਾਗਮ 'ਚ ਸ਼ਾਮਲ ਹੋਣਾ ਬਿਹਤਰ ਸਮਿਝਆ। ਇਨ੍ਹਾਂ ਵਿਚ ਬਟਮਾਲੂ ਦਾ ਨਾਸਿਰ ਤੇ ਖਿਆਮ ਦਾ ਬੁਰਹਾਨ ਵੀ ਸ਼ਾਮਲ ਸੀ। ਨਾਸਿਰ ਨੇ ਕਿਹਾ ਕਿ ਉਸ ਨੇ ਸਵੇਰੇ ਆਪਣੇ ਘਰ ਨੇੜੇ ਚੌਕ 'ਚ ਤਿਰੰਗਾ ਲਹਿਰਾਇਆ। ਭਾਜਪਾ ਮੁੱਖ ਦਫ਼ਤਰ 'ਚ ਅਲਤਾਫ ਠਾਕੁਰ, ਰਾਜਾ ਮਨਜੂਰ ਤੇ ਹੋਰ ਭਾਜਪਾ ਆਗੂਆਂ ਨੇ ਤਿਰੰਗਾ ਲਹਿਰਾਇਆ ਤੇ ਮਠਿਆਈਆਂ ਵੰਡੀਆਂ। ਕੌਮੀ ਝੰਡੇ ਨੂੰ ਸਲਾਮੀ ਦੇਣ ਤੋਂ ਬਾਅਦ ਅਲਤਾਫ ਠਾਕੁਰ ਨੇ ਕਿਹਾ ਕਿ ਜੋ ਲੋਕ ਧਾਰਾ-370 ਦੀ ਸਮਾਪਤੀ ਤੋਂ ਨਾਖੁਸ਼ ਹਨ, ਉਹ ਆਈਐੱਸਆਈਐੱਸ ਦੇ ਹਮਾਇਤੀ ਹੀ ਹੋਣਗੇ। ਅਲਤਾਫ ਠਾਕੁਰ ਨੇ ਕਿਹਾ ਕਿ ਬੀਤੇ ਇਕ ਸਾਲ 'ਚ ਪੱਥਰਬਾਜ਼ੀ ਘੱਟ ਹੋਈ ਹੈ, ਅੱਤਵਾਦ ਅੱਜ ਖ਼ਾਤਮੇ ਦੇ ਕੰਢੇ ਹੈ, ਆਜ਼ਾਦੀ ਦਾ ਨਾਅਰਾ ਦੇਣ ਵਾਲੇ ਚੁੱਪ ਹੋ ਗਏ ਹਨ।

ਅਨੰਤਨਾਗ 'ਚ ਇਕੱਲੀ ਤਿਰੰਗਾ ਲੈ ਕੇ ਤੁਰੀ ਰੁਮੈਸਾ ਰਫੀਕ

ਅਨੰਤਨਾਗ ਦੇ ਲਾਲ ਚੌਕ 'ਚ ਰੁਮੈਸਾ ਰਫੀਕ ਨਾਂ ਦੀ ਇਕ ਔਰਤ ਇਕੱਲੀ ਹੀ ਕੌਮੀ ਝੰਡਾ ਲੈ ਕੇ ਪੁੱਜੀ। ਉਸ ਨੇ ਕੌਮੀ ਝੰਡਾ ਲਹਿਰਾਇਆ ਤੇ ਸਲਾਮੀ ਦਿੱਤੀ। ਖ਼ੁਦ ਨੂੰ ਭਾਜਪਾ ਦੀ ਅਨੰਤਨਾਗ ਇਕਾਈ ਦੀ ਮੈਂਬਰ ਦੱਸਣ ਵਾਲੀ ਰੁਮੈਸਾ ਨੇ ਕਿਹਾ ਕਿ ਤੁਸੀਂ ਇਹ ਨਾ ਸਮਿਝਓ ਕਿ ਉਹ ਇਕੱਲੀ ਹਾਂ। ਜੇ ਉਹ ਇਕੱਲੀ ਹੁੰਦੀ ਤਾਂ ਇਥੇ ਖੁੱਲ੍ਹੇਆਮ ਕੌਮੀ ਝੰਡਾ ਫੜ ਕੇ ਨਾ ਖੜ੍ਹੀ ਹੁੰਦੀ। ਇਥੇ ਹਰੇਕ ਦੇ ਦਿਲ 'ਚ ਤਿਰੰਗਾ ਹੈ, ਉਸ ਨੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਲਈ ਇਹ ਝੰਡਾ ਇਥੇ ਲਹਿਰਾਇਆ ਹੈ। ਕੋਵਿਡ-19 ਦੀਆਂ ਪਾਬੰਦੀਆਂ ਨਾ ਹੁੰਦੀਆਂ ਤਾਂ ਇਥੇ ਅੱਜ ਤੁਹਾਨੂੰ ਭੀੜ ਨਜ਼ਰ ਆਉਂਦੀ। ਉਥੇ, ਜੇ ਅੱਤਵਾਦੀਆਂ ਦਾ ਡਰ ਹੁੰਦਾ ਤਾਂ ਉਹ ਵੀ ਇਥੇ ਨਾ ਆਉਂਦੀ।

ਵਸੀਮ ਬਾਰੀ ਦੀ ਹੱਤਿਆ ਦੇ ਬਾਵਜੂਦ ਲਹਿਰਾਇਆ ਤਿਰੰਗਾ

ਬਾਂਡੀਪੋਰਾ 'ਚ ਜਿਥੇ ਬੀਤੇ ਮਹੀਨੇ ਅੱਤਵਾਦੀਆਂ ਨੇ ਭਾਜਪਾ ਆਗੂ ਵਸੀਮ ਬਾਰੀ ਦੀ ਉਨ੍ਹਾਂ ਦੇ ਪਿਤਾ ਤੇ ਭਰਾ ਸਮੇਤ ਹੱਤਿਆ ਕੀਤੀ ਸੀ, ਉਥੇ ਵੀ ਭਾਜਪਾ ਆਗੂ ਆਪਣੇ ਦਫ਼ਤਰ 'ਚ ਇਕੱਠੇ ਹੋਏ। ਉਨ੍ਹਾਂ ਨੇ ਇਥੇ ਤਿਰੰਗਾ ਲਹਿਰਾਇਆ ਤੇ ਅੱਤਵਾਦ ਤੇ ਵੱਖਵਾਦ ਦੇ ਸਮੁੱਚੇ ਨਾਸ਼ ਦੇ ਆਪਣੇ ਸੰਕਲਪ ਨੂੰ ਦੁਹਰਾਇਆ।

ਕਠੂਆ 'ਚ 30 ਫੁੱਟ ਲੰਬਾ ਤੇ 20 ਫੁੱਟ ਚੌੜਾ ਝੰਡਾ ਲਹਿਰਾਇਆ

ਕਠੂਆ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਚੌਕ 'ਚ ਸੂਬਾ ਭਾਜਪਾ ਪ੍ਰਧਾਨ ਰਵਿੰਦਰ ਰੈਨਾ ਨੇ 110 ਫੁੱਟ ਉੱਚੇ ਪੋਲ 'ਤੇ 30 ਫੁੱਟ ਲੰਬਾ ਤੇ 20 ਫੁੱਟ ਚੌੜਾ ਵਿਸ਼ਾਲ ਤਿਰੰਗਾ ਲਹਿਰਾਇਆ। 1953 ਦੇ ਅੰਦੋਲਨ 'ਚ ਸ਼ਹਾਦਤ ਦੇਣ ਵਾਲੇ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਕਠੂਆ 'ਚ ਗਿ੍ਫ਼ਤਾਰ ਕੀਤਾ ਗਿਆ ਸੀ। ਉਥੇ, ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ 'ਚ ਵੀ ਨੱਚ ਗਾ ਕੇ ਪੰਜ ਅਗਸਤ ਦੀਆਂ ਖੁਸ਼ੀਆਂ ਮਨਾਈ। ਲੇਹ ਜ਼ਿਲ੍ਹੇ 'ਚ ਭਾਜਪਾ ਸੰਸਦ ਮੈਂਬਰ ਜਾਮਆਂਗ ਸੈਰਿੰਗ ਨਾਂਗਿਆਲ ਨੇ ਤਿਰੰਗਾ ਲਹਿਰਾਇਆ।