ਨਵੀਂ ਦਿੱਲੀ (ਪੀਟੀਆਈ) : ਇਸ ਸਾਲ ਅਕਤੂਬਰ ਤਕ ਅਸਾਮ 'ਚ ਵੱਖ-ਵੱਖ ਟਿ੍ਬਿਊਨਲਜ਼ ਨੇ ਇਕ ਲੱਖ, 29 ਹਜ਼ਾਰ ਲੋਕਾਂ ਨੂੰ ਵਿਦੇਸ਼ੀ, ਜਦਕਿ 1,14,225 ਨੂੰ ਭਾਰਤੀ ਐਲਾਨਿਆ ਹੈ। ਕੇਂਦਰੀ ਮੰਤਰੀ ਨਿਤਿਆਨੰਦ ਰਾਏ ਨੇ ਅਸਾਮ ਸਰਕਾਰ ਵੱਲੋਂ ਉਪਲੱਬਧ ਕਰਵਾਈ ਗਈ ਸੂਚਨਾ ਤੋਂ ਮੰਗਲਵਾਰ ਲੋਕ ਸਭਾ ਨੂੰ ਜਾਣੂ ਕਰਵਾਇਆ।

ਗ੍ਰਹਿ ਰਾਜ ਮੰਤਰੀ ਨੇ ਇਕ ਸਵਾਲ ਦਾ ਲਿਖਤੀ ਜਵਾਬ ਦਿੰਦਿਆਂ ਕਿਹਾ ਕਿ ਇਸ ਵਰ੍ਹੇ ਅਕਤੂਬਰ ਤਕ ਕੁਲ 4,68,905 ਮਾਮਲਿਆਂ ਨੂੰ ਫਾਰਨ ਟਿ੍ਬਿਊਨਲਜ਼ 'ਚ ਭੇਜਿਆ ਗਿਆ। ਅਸਾਮ ਦੇ ਸਾਰੇ ਫਾਰਨ ਟਿ੍ਬਿਊਨਲਜ਼ ਨੂੰ ਫਾਰਨਰਜ਼ ਐਕਟ 1946 ਤੇ ਫਾਰਨ (ਟਿ੍ਬਿਊਨਲਜ਼) ਆਰਡਰ 1964 ਤਹਿਤ ਗਠਿਤ ਕੀਤਾ ਗਿਆ ਹੈ।

ਵਿਦੇਸ਼ੀ ਐਲਾਨੇ 227 ਲੋਕ ਆਪਣੇ ਦੇਸ਼ ਵਾਪਸ ਭੇਜੇ

ਇਕ ਹੋਰ ਸਵਾਲ ਦੇ ਜਵਾਬ 'ਚ ਮੰਤਰੀ ਨੇ ਅਸਾਮ ਸਰਕਾਰ ਵੱਲੋਂ ਉਪਲੱਬਧ ਕੀਤੇ ਗਏ ਅੰਕੜਿਆਂ ਦੇ ਆਧਾਰ 'ਤੇ ਦੱਸਿਆ ਕਿ ਇਸ ਵਰ੍ਹੇ ਸੂਬੇ 'ਚ ਫੜੇ ਗਏ ਲੋਕਾਂ 'ਚੋਂ 289 ਵਿਦੇਸ਼ੀ ਐਲਾਨੇ ਗਏ। ਪੰਜ ਦਸੰਬਰ 2019 ਤਕ ਵਿਦੇਸ਼ੀ ਐਲਾਨੇ 227 ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਗਿਆ ਹੈ।

ਇਨ੍ਹਾਂ ਵਿਚੋਂ ਚਾਰ ਬੰਗਲਾਦੇਸ਼ੀ ਤੇ ਦੋ ਅਫ਼ਗਾਨੀ ਨਾਗਰਿਕ ਸ਼ਾਮਲ ਹਨ। ਮੰਤਰੀ ਨੇ ਦੱਸਿਆ ਕਿ 181 ਵਿਦੇਸ਼ੀ ਐਲਾਨੇ ਤੇ 44 ਸਜ਼ਾਯਾਫਤਾ ਵਿਦੇਸ਼ੀ ਹਿਰਾਸਤ ਕੈਂਪਾਂ 'ਚ ਤਿੰਨ ਸਾਲ ਤੋਂ ਜ਼ਿਆਦਾ ਸਮਾਂ ਬਿਤਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ ਛੇ ਮਹੀਨਿਆਂ ਦੌਰਾਨ ਅਸਾਮ ਦੇ ਕਿਸੇ ਵੀ ਹਿਰਾਸਤੀ ਕੈਂਪ 'ਚ ਕਿਸੇ ਵਿਦੇਸ਼ੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਗੱਲ ਸਾਹਮਣੇ ਨਹੀਂ ਆਈ ਹੈ।