ਦੇਵੇਂਦਰ ਰਾਵਤ, ਚਮੋਲੀ : ਮੈਦਾਨੀ ਖੇਤਰਾਂ 'ਚ ਲੋਕ ਜਿੱਥੇ ਗਰਮੀ ਤੋਂ ਬੇਹਾਲ ਹਨ, ਉਥੇ ਉੱਤਰਾਖੰਡ ਦੇ ਸਰਹੱਦੀ ਚਮੋਲੀ ਜ਼ਿਲ੍ਹੇ 'ਚ ਇਨੀ ਦਿਨੀਂ ਮੌਸਮ ਖੁਸ਼ਗਵਾਰ ਬਣਿਆ ਹੋਇਆ ਹੈ। ਅਜਿਹੇ 'ਚ ਦਸ ਮਈ ਤੋਂ ਸ਼ੁਰੂ ਹੋ ਰਹੀ ਭੂ-ਬੈਕੁੰਠ ਬਦਰੀਨਾਥ ਧਾਮ ਦੀ ਯਾਤਰਾ ਦੌਰਾਨ ਯਾਤਰੀਆਂ ਨੂੰ ਕੁਦਰਤ ਦੇ ਵੱਖਰੇ ਨਜ਼ਾਰੇ ਵੇਖਣ ਨੂੰ ਮਿਲਣਗੇ। ਖਾਸ ਕਰਕੇ ਗਲੇਸ਼ੀਅਰਾਂ ਦੇ ਹੇਠਾਂ ਤੋਂ ਵਹਿ ਰਹੀ ਅਲਕਨੰਦਾ ਨਦੀ ਇਨੀ ਦਿਨੀ ਆਪਣਾ ਵੱਖਰਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ। ਬਦਰੀਨਾਥ ਧਾਮ ਤੋਂ ਹਨੂੰਮਾਨਚੱਟੀ ਤਕ ਅਲਕਨੰਦਾ ਨਦੀ ਭਾਰੀ ਗਲੇਸ਼ੀਅਰਾਂ ਦੀ ਚੱਦਰ ਨਾਲ ਢਕੀ ਹੋਈ ਹੈ।

ਬਦਰੀਨਾਥ ਧਾਮ ਤੋਂ 22 ਕਿਲੋਮੀਟਰ ਅੱਗੇ ਸਮੁੰਦਰ ਕੰਢੇ ਤੋਂ ਲਗਪਗ 17 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਅਲਕਾਪੁਰੀ ਦੇ ਸਤੋਪੰਥ ਗਲੇਸ਼ੀਅਰ ਤੋਂ ਨਿਕਲਣ ਵਾਲੀ ਅਲਕਨੰਦਾ ਨਦੀ ਇਨੀ ਦਿਨੀਂ ਬਦਰੀਨਾਥ ਧਾਮ ਤੋਂ ਹਨੂੰਮਾਨਚੱਟੀ ਤਕ ਗਲੇਸ਼ੀਅਰਾਂ ਦੇ ਹੇਠਾਂ ਤੋਂ ਹੋ ਕੇ ਵਹਿ ਰਹੀ ਹੈ। ਸ਼ੀਤਕਾਲ ਦੌਰਾਨ ਹੋਈ ਭਾਰੀ ਬਰਫ਼ਬਾਰੀ ਕਾਰਨ ਅਲਕਨੰਦਾ ਨਦੀ ਉਪਰ ਵੱਡੇ-ਵੱਡੇ ਗਲੇਸ਼ੀਅਰ ਬਣ ਗਏ ਸਨ, ਜੋ ਹੁਣ ਵੀ ਮੌਜੂਦ ਹਨ। ਦਰਅਸਲ, ਹਨੂੰਮਾਨਚੱਟੀ ਤੋਂ ਅੱਗੇ ਅਲਕਨੰਦਾ ਨਦੀ ਦੇ ਕੰਢਿਓ ਹੋ ਕੇ ਹੀ ਬਦਰੀਨਾਥ ਹਾਈਵੇ ਲੰਘਦਾ ਹੈ। ਅਜਿਹੇ 'ਚ ਗਲੇਸ਼ੀਅਰਾਂ ਦੇ ਹੇਠਾਂ ਤੋਂ ਲੰਘ ਰਹੀ ਅਲਕਨੰਦਾ ਦਾ ਇਹ ਨਜ਼ਾਰਾ ਨਾ ਸਿਰਫ ਯਾਤਰੀਆਂ ਨੂੰ ਆਪਣੇ ਵੱਲ ਖਿੱਚੇਗਾ, ਬਲਕਿ ਉਨ੍ਹਾਂ ਦੀ ਯਾਤਰਾ ਨੂੰ ਯਾਦਗਾਰ ਵੀ ਬਣਾਏਗਾ। ਉਮੀਦ ਕੀਤੀ ਜਾ ਰਹੀ ਹੈ ਕਿ ਮਈ ਮਹੀਨੇ ਦੇ ਆਖ਼ਰ ਤਕ ਯਾਤਰੀ ਅਲਕਨੰਦਾ ਦੇ ਇਸ ਰੂਪ ਦਾ ਦੀਦਾਰ ਕਰ ਸਕਣਗੇ।

ਗਲੇਸ਼ੀਅਰਾਂ ਦੇ ਪਿਘਲਣ ਨਾਲ ਖ਼ਤਰਾ ਵੀ

ਯਾਤਰਾ ਦੌਰਾਨ ਕੁਦਰਤ ਦੇ ਇਨ੍ਹਾਂ ਵਿਲੱਖਣ ਨਜ਼ਾਰਿਆਂ ਨੂੰ ਕੈਮਰੇ 'ਚ ਕੈਦ ਕਰਨ ਜਾਂ ਇਨ੍ਹਾਂ ਨਾਲ ਸੈਲਫੀ ਲੈਣ ਦੀ ਤਮੰਨਾ ਹਰ ਯਾਤਰੀ ਆਪਣੇ ਮਨ 'ਚ ਸੰਜੋਏ ਹੁੰਦਾ ਹੈ। ਗਲੇਸ਼ੀਅਰਾਂ ਅੰਦਰੋਂ ਲੰਘ ਰਹੀ ਅਲਕਨੰਦਾ ਨਦੀ ਥਾਂ-ਥਾਂ ਅਜਿਹਾ ਅਹਿਸਾਸ ਕਰਵਾਉਂਦੀ ਹੈ, ਮੰਨੋ ਇਥੋਂ ਹੀ ਉਸ ਦੀ ਸ਼ੁਰੂਆਤ ਹੋ ਰਹੀ ਹੈ। ਪਰ ਬਿਹਤਰ ਇਹੀ ਹੋਵੇਗਾ ਕਿ ਯਾਤਰੀ ਗਲੇਸ਼ੀਅਰਾਂ ਦੇ ਨੇੜੇ ਜਾਣ ਤੋਂ ਪਰਹੇਜ ਕਰਨ। ਸ੍ਰੀ ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਮੀਡੀਆ ਮੁਖੀ ਡਾ. ਹਰੀਸ਼ ਗੌੜ ਅਨੁਸਾਰ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਜਿਸ ਨਾਲ ਇਹ ਹੇਠਾਂ ਤੋਂ ਖੋਖਲੇ ਹੋ ਗਏ ਹਨ। ਅਜਿਹੇ 'ਚ ਜੇਕਰ ਕੋਈ ਯਾਤਰੀ ਇਨ੍ਹਾਂ ਦੇ ਉਪਰ ਜਾਂ ਹੇਠਾਂ ਜਾਂਦਾ ਹੈ ਤਾਂ ਤਿਲਕਣ ਨਾਲ ਜਾਂ ਗਲੇਸ਼ੀਅਰ ਟੁੱਟਣ ਨਾਲ ਅਣਹੋਣੀ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।