ਸਟੇਟ ਬਿਊਰੋ, ਸ੍ਰੀਨਗਰ : ਵਾਦੀ 'ਚ ਹਾਲਾਤ ਤੇਜ਼ੀ ਨਾਲ ਸੁਧਰ ਰਹੇ ਹਨ। ਸੈਲਾਨੀਆਂ ਲਈ ਕਸ਼ਮੀਰ ਛੱਡਣ ਦੀ ਐਡਵਾਇਜ਼ਰੀ ਵਾਪਸ ਲੈਂਦੇ ਹੋਏ ਉਨ੍ਹਾਂ ਨੂੰ ਬੇਖੌਫ਼ ਵਾਦੀ ਆਉਣ ਦੀ ਅਪੀਲ ਕੀਤੀ ਗਈ ਹੈ।

ਸੂਬਾਈ ਪ੍ਰਸ਼ਾਸਨ ਨੇ ਵੀਰਵਾਰ ਨੂੰ ਭਰੋਸਾ ਦਿੱਤਾ ਕਿ ਦੇਸ਼-ਵਿਦੇਸ਼ ਦੇ ਸੈਲਾਨੀਆਂ ਨੂੰ ਜਿਹੜੀ ਮਦਦ ਚਾਹੀਦੀ ਹੈ, ਦਿੱਤੀ ਜਾਵੇਗੀ। ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਸੈਰ ਸਪਾਟਾ ਜਗਤ ਨਾਲ ਜੁੜੇ ਲੋਕਾਂ ਨੇ ਕਿਹਾ ਕਿ ਜੇਕਰ ਇੰਟਰਨੈੱਟ ਤੇ ਮੋਬਾਈਲ ਸੇਵਾ ਬਹਾਲ ਹੋ ਜਾਏ ਤਾਂ ਸੋਨੇ 'ਤੇ ਸੁਹਾਗਾ ਹੋ ਜਾਵੇਗਾ।

ਰਾਜਪਾਲ ਸੱਤਿਆਪਾਲ ਮਲਿਕ ਨੇ ਕਰੀਬ ਚਾਰ ਦਿਨ ਪਹਿਲਾਂ ਵਾਦੀ 'ਚ ਸੈਲਾਨੀਆਂ ਲਈ ਜਾਰੀ ਟ੍ਰੈਵਲ ਐਡਵਾਇਜ਼ਰੀ ਵਾਪਸ ਲੈਣ ਦਾ ਨਿਰਦੇਸ਼ ਦਿੱਤਾ ਸੀ। ਸਬੰਧਤ ਪ੍ਰਸ਼ਾਸਨ ਨੇ ਕਿਹਾ ਸੀ ਕਿ 10 ਅਕਤੂਬਰ ਤੱਕ ਇਸਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇਗਾ। ਗ੍ਰਹਿ ਵਿਭਾਗ ਨੇ 9 ਅਕਤੂਬਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ।

ਸੂਬਾਈ ਗ੍ਰਹਿ ਵਿਭਾਗ ਦੇ ਪਿ੍ਰੰਸੀਪਲ ਸਕੱਤਰ ਸ਼ਾਲੀਨ ਕਾਬਰਾ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਕਸ਼ਮੀਰ ਘੁੰਮਣ ਦੇ ਚਾਹਵਾਨ ਸੈਲਾਨੀ ਬਿਨਾ ਕਿਸੇ ਰੁਕਾਵਟ ਦੇ ਆ ਸਕਦੇ ਹਨ। ਜੇਕਰ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੇ ਸੇਵਾ-ਸਹੂਲਤ ਜਾਂ ਮਦਦ ਚਾਹੀਦੀ ਹੈ ਤਾਂ ਉਨ੍ਹਾਂ ਨੂੰ ਦਿੱਤੀ ਜਾਵੇਗੀ।

ਗੁਲਜ਼ਾਰ ਹੋਣ 'ਚ ਸਮਾਂ ਨਹੀਂ ਲੱਗੇਗਾ

ਜੰਮੂ ਕਸ਼ਮੀਰ ਟੂਰ ਐਂਡ ਟ੍ਰੈਵਲ ਆਪ੍ਰੇਟਰ ਐਸੋਸੀਏਸ਼ਨ ਨਾਲ ਜੁੜੇ ਜਾਵੇਦ ਪੰਡਤ ਨੇ ਕਿਹਾ ਕਿ ਅਗਸਤ ਤੇ ਸਤੰਬਰ ਸਾਡੇ ਲਈ ਮਾੜੇ ਰਹੇ। ਸਤੰਬਰ ਦੇ ਅੰਤ 'ਚ ਕੁਝ ਸੈਲਾਨੀ ਆਏ। ਅਕਤੂਬਰ ਦੇ ਪਹਿਲੇ ਹਫਤੇ 'ਚ ਵੀ ਥੋੜ੍ਹੀ ਬਹੁਤ ਆਮਦ ਰਹੀ ਹੈ, ਇਸ ਲਈ ਟ੍ਰੈਵਲ ਐਡਵਾਇਜ਼ਰੀ ਵਾਪਸ ਲੈਣ ਦੇ ਬਾਅਦ ਸੈਲਾਨੀਆਂ ਦੀ ਗਿਣਤੀ ਵਧਣ ਦੀ ਪੂਰੀ ਉਮੀਦ ਹੈ। ਉਨ੍ਹਾਂ ਕਿਹਾ ਕਿ ਸੂਬਾਈ ਪ੍ਰਸ਼ਾਸਨ ਨੂੰ ਮੋਬਾਈਲ ਤੇ ਇੰਟਰਨੈੱਟ ਸੇਵਾ ਵੀ ਬਹਾਲ ਕਰ ਦੇਣੀ ਚਾਹੀਦੀ ਹੈ।

ਵੋਲਗਾ ਟ੍ਰੈਵਲ ਏਜੰਸੀ ਦੇ ਮਾਲਿਕ ਸੁਹੇਲ ਅਹਿਮਦ ਨੇ ਕਿਹਾ ਕਿ ਸਾਡਾ ਜ਼ਿਆਦਾਤਰ ਕੰਮ ਟਿਕਟ ਤੇ ਪੈਕੇਜ ਬੁਕਿੰਗ ਦਾ ਹੈ। ਇੰਟਰਨੈੱਟ ਨਾ ਹੋਣ ਨਾਲ ਟਿਕਟ ਬੁੱਕ ਕਰਨਾ ਮੁਹਾਲ ਹੋ ਚੁੱਕਾ ਹੈ, ਪੈਕੇਜ ਟੂਰ ਨਹੀਂ ਮਿਲ ਰਹੇ, ਕਿਉਂਕਿ ਸਾਡੇ ਗਾਹਕ ਫੋਨ ਤੇ ਇੰਟਰਨੈੱਟ 'ਤੇ ਵੀ ਜੁੜੇ ਹੁੰਦੇ ਹਨ।

ਦੀਵਾਲੀ ਵੀ ਆਉਣ ਵਾਲੀ ਹੈ ਅਤੇ ਇਨ੍ਹੀਂ ਦਿਨੀਂ ਕਸ਼ਮੀਰ 'ਚ ਗੁਜਰਾਤ ਤੇ ਬੰਗਾਲ ਦੇ ਸੈਲਾਨੀ ਆਉਂਦੇ ਹਨ। ਡਲਗੇਟ 'ਚ ਇਕ ਹੋਟਲ ਚਲਾਉਣ ਵਾਲੇ ਫਿਰਦੌਸ ਅਹਿਮਦ ਨੇ ਕਿਹਾ ਕਿ ਮੇਰੇ ਹੋਟਲ 'ਚ 30 ਕਮਰੇ ਅਕਤੂਬਰ ਤੱਕ ਮੈਂ ਇਕ ਵੀ ਸੈਲਾਨੀ ਨਹੀਂ ਦੇਖਿਆ ਸੀ। ਜੰਮੂ 'ਚ ਮੇਰੇ ਕੁਝ ਦੋਸਤ ਹਨ, ਉਨ੍ਹਾਂ ਦੇ ਜ਼ਰੀਏ ਮੈਂ ਬੰਗਾਲ ਦੇ ਚਾਰ ਸੈਲਾਨੀਆਂ ਨੂੰ ਕਸ਼ਮੀਰ ਆਉਣ ਲਈ ਕਿਸੇ ਤਰ੍ਹਾਂ ਤਿਆਰ ਕੀਤਾ ਸੀ। ਉਹੀ ਪੰਜ ਅਕਤੂਬਰ ਮੇਰੇ ਹੋਟਲ 'ਚ ਆ ਕੇ ਰੁਕੇ ਸਨ। ਉਹ ਵੀ ਅੱਜ ਹੀ ਪਰਤੇ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਸਰਦੀਆਂ 'ਚ ਇੱਥੇ ਸੈਲਾਨੀ ਬਹੁਤ ਆਉਣਗੇ।