ਸਟੇਟ ਬਿਊਰੋ, ਸ੍ਰੀਨਗਰ : ਕਸ਼ਮੀਰ 'ਚ ਬੰਦ ਦੇ ਫਰਮਾਨ ਨੂੰ ਪੂਰੀ ਤਰ੍ਹਾਂ ਨਕਾਰੇ ਜਾਣ ਤੋਂ ਬੌਖਲਾਏ ਅੱਤਵਾਦੀਆਂ ਨੇ ਬੁੱਧਵਾਰ ਨੂੰ ਦੱਖਣੀ ਕਸਮੀਰ ਦੇ ਤਰਾਲ 'ਚ ਇਕ ਦੁਕਾਨਦਾਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਸੁਰੱਖਿਆ ਦਸਤਿਆਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਅੱਤਵਾਦੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ, ਆਧੁਨਿਕ ਹਥਿਆਰਾਂ ਨਾਲ ਲੈਸ ਅੱਤਵਾਦੀਆਂ ਦਾ ਇਕ ਦਸਤਾ ਬੁੱਧਵਾਰ ਦੁਪਹਿਰ ਤਰਾਲ ਬਾਜ਼ਾਰ 'ਚ ਆਇਆ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਨੇ ਉੱਥੇ ਖੁੱਲ੍ਹੀਆਂ ਦੁਕਾਨਾਂ ਬੰਦ ਕਰਨ ਦਾ ਫਰਮਾਨ ਸੁਣਾਇਆ ਤੇ ਇਕ ਦੁਕਾਨਦਾਰ ਨੂੰ ਨਜ਼ਦੀਕ ਤੋਂ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਪੂਰਾ ਬਾਜ਼ਾਰ ਬੰਦ ਹੋ ਗਿਆ। ਅੱਤਵਾਦੀਆਂ ਦੇ ਜਾਣ ਦੇ ਬਾਅਦ ਸਥਾਨਕ ਲੋਕਾਂ ਨੇ ਜ਼ਮੀਨ 'ਤੇ ਖੂਨ ਨਾਲ ਲਥਪਥ ਪਏ ਦੁਕਾਨਦਾਰ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮਿ੍ਤਕ ਐਲਾਨ ਦਿੱਤਾ। ਉਸਦੀ ਪਛਾਣ ਮਹਿਰਾਜੁਦੀਨ ਖਾਨ ਵਜੋਂ ਹੋਈ ਹੈ। ਉਸਦੀ ਰੈਡੀਮੇਡ ਕਪੜਿਆਂ ਦੀ ਦੁਕਾਨ ਸੀ। ਪੁਲਿਸ ਤੇ ਸੁਰੱਖਿਆ ਦਸਤਿਆਂ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ, ਪਰ ਦੇਰ ਸ਼ਾਮ ਤਕ ਅੱਤਵਾਦੀਆਂ ਦਾ ਸੁਰਾਗ ਨਹੀਂ ਮਿਲਿਆ ਸੀ।

ਤਿੰਨ ਮਹੀਨੇ 'ਚ 14 ਲੋਕਾਂ ਦੀ ਹੱਤਿਆ

ਜੰਮੂ ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਵੰਡੇ ਜਾਣ ਨਾਲ ਵੱਖਵਾਦੀ ਤੇ ਅੱਤਵਾਦੀ ਪੂਰੀ ਤਰ੍ਹਾਂ ਨਿਰਾਸ਼ ਹਨ ਤੇ ਵਾਦੀ 'ਚ ਜ਼ਬਰਦਸਤੀ ਬੰਦ ਲਾਗੂ ਕਰਾਉਣ ਲਈ ਬੇਕਸੂਰ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਪਿਛਲੇ ਤਿੰਨ ਮਹੀਨੇ ਦੌਰਾਨ ਕਸ਼ਮੀਰ 'ਚ ਅੱਤਵਾਦੀ 14 ਲੋਕਾਂ ਦੀ ਹੱਤਿਆ ਕਰ ਚੁੱਕੇ ਹਨ। ਇਨ੍ਹਾਂ 'ਚ ਸਥਾਨਕ ਦੁਕਾਨਦਾਰਾਂ ਦੇ ਇਲਾਵਾ ਪੰਜ ਟਰੱਕ ਡਰਾਈਵਰ, ਛੇ ਦੂਜੇ ਸੂਬਿਆਂ ਦੇ ਮਜ਼ਦੂਰ ਤੇ ਇਕ ਸੇਬ ਵਪਾਰੀ ਵੀ ਸ਼ਾਮਲ ਹੈ।