ਜੇਐੱਨਐੱਨ, ਨਵੀਂ ਦਿੱਲੀ : ਕੋਰੋਨਾ ਇਨਫੈਕਸ਼ਨ ਦੇ ਖ਼ੌਫ਼ ਕਾਰਨ ਇਸ ਸਾਲ ਦੇ ਆਖ਼ਰ ਤਕ ਵੀ ਟ੍ਰੇਨਾਂ ਦਾ ਸੰਚਾਲਨ ਆਮ ਹੋਣ ਦੀ ਸੰਭਾਵਨਾ ਨਹੀਂ ਹੈ। ਨਵੇਂ ਸਾਲ 2021 ਵਿਚ ਹੀ ਸਾਰੀਆਂ 13,500 ਟ੍ਰੇਨਾਂ ਦੇ ਪਟੜੀਆਂ 'ਤੇ ਦੌੜ ਪਾਉਣ ਦਾ ਅਨੁਮਾਨ ਹੈ। ਹਾਲਾਂਕਿ, ਆਗਾਮੀ ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਰੇਲਵੇ ਨੇ ਇਕ ਸੌ ਜੋੜੀ ਵਾਧੂ ਟ੍ਰੇਨਾਂ ਨੂੰ ਚਲਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਭਾਰਤੀ ਰੇਲਵੇ ਟ੍ਰੇਨ ਸੇਵਾਵਾਂ ਨੂੰ ਚਾਹ ਕੇ ਵੀ ਪੂਰੀ ਤਰ੍ਹਾਂ ਬਹਾਲ ਕਰਨ ਵਿਚ ਖ਼ੁਦ ਨੂੰ ਅਸਮਰੱਥ ਪਾ ਰਹੀ ਹੈ। ਜਿਨ੍ਹਾਂ ਸੂਬਿਆਂ ਵਿਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ, ਉਥੋਂ ਹੋ ਕੇ ਟ੍ਰੇਨਾਂ ਨੂੰ ਗੁਜ਼ਰਨ ਦੀ ਵੀ ਪੂਰੀ ਛੋਟ ਨਹੀਂ ਹੈ। ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਜਾਗਰਣ ਨੂੰ ਦੱਸਿਆ ਕਿ ਫਿਲਹਾਲ ਜਿੰਨੀਆਂ ਸਪੈਸ਼ਲ ਟ੍ਰੇਨਾਂ ਚੱਲ ਰਹੀਆਂ ਹਨ, ਉਨ੍ਹਾਂ ਵਿਚੋਂ ਵੀ ਕੁਝ ਰੂਟਾਂ 'ਤੇ ਯਾਤਰੀਆਂ ਦੀ ਗਿਣਤੀ ਤਸੱਲੀਬਖਸ਼ ਨਹੀਂ ਹੈ।

ਦੇਸ਼ ਵਿਚ ਸੱਤ ਅਜਿਹੇ ਸੂਬੇ ਹਨ, ਜਿੱਥੇ ਕੋਰੋਨਾ ਦਾ ਇਨਫੈਕਸ਼ਨ ਲਗਾਤਾਰ ਵੱਧ ਰਿਹਾ ਹੈ। ਮਹਾਰਾਸ਼ਟਰ, ਪੱਛਮੀ ਬੰਗਾਲ, ਆਂਧਰ ਪ੍ਰਦੇਸ਼, ਦਿੱਲੀ, ਪੰਜਾਬ, ਤਾਮਿਲਨਾਡੂ ਅਤੇ ਨਾਰਥ ਈਸਟਰਨ ਦੇ ਸੂਬੇ ਪ੍ਰਮੁੱਖ ਹਨ ਜਿਨ੍ਹਾਂ ਵਿਚ ਕੋਰੋਨਾ ਇਨਫੈਕਸ਼ਨ ਕਾਬੂ ਵਿਚ ਨਾ ਹੋਣ ਦੀ ਵਜ੍ਹਾ ਨਾਲ ਉਥੇ ਟ੍ਰੇਨਾਂ ਦਾ ਸੰਚਾਲਨ ਆਮ ਕਰਨ ਵਿਚ ਦਿੱਕਤ ਪੇਸ਼ ਆ ਰਹੀ ਹੈ। ਯਾਦਵ ਨੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਦਸੰਬਰ 2020 ਤਕ ਟ੍ਰੇਨਾਂ ਦੇ ਸੰਚਾਲਨ ਦੇ ਆਮ ਹੋਣ 'ਤੇ ਸ਼ੱਕ ਹੈ।

ਕੋਰੋਨਾ ਦੇ ਇਨਫੈਕਸ਼ਨ ਕਾਰਨ ਰੇਲਵੇ ਦੇ ਮੁਲਾਜ਼ਮ ਅਤੇ ਅਧਿਕਾਰੀ ਵੀ ਪਰੇਸ਼ਾਨੀ ਵਿਚ ਹਨ। ਆਮ ਦਿਨਾਂ ਵਿਚ ਰੇਲਵੇ ਦੀਆਂ ਪਟੜੀਆਂ 'ਤੇ ਸਾਢੇ 13 ਹਜ਼ਾਰ ਤੋਂ ਜ਼ਿਆਦਾ ਟ੍ਰੇਨਾਂ ਦੌੜਦੀਆਂ ਹਨ। ਫਿਲਹਾਲ ਸਿਰਫ਼ 456 ਸਪੈਸ਼ਲ ਟ੍ਰੇਨਾਂ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਤਿਉਹਾਰੀ ਸੀਜ਼ਨ ਸ਼ੁਰੂ ਹੋਣ ਤੋਂ ਪਹਿਲਾਂ ਯਾਨੀ ਨਰਾਤਿਆਂ ਦੇ ਸਮੇਂ 100 ਜੋੜੀ ਹੋਰ ਸਪੈਸ਼ਲ ਟ੍ਰੇਨਾਂ ਦੇ ਚਲਾਏ ਜਾਣ ਦੀ ਤਿਆਰੀ ਹੈ। ਇਸ ਬਾਰੇ ਵਿਚ ਸੀਆਰਬੀ ਨੇ ਦੱਸਿਆ ਕਿ ਇਨ੍ਹਾਂ ਟ੍ਰੇਨਾਂ ਦਾ ਸੰਚਾਲਨ ਉਨ੍ਹਾਂ ਰੂਟਾਂ 'ਤੇ ਕੀਤਾ ਜਾਵੇਗਾ, ਜਿੱਥੋਂ ਯਾਤਰੀਆਂ ਦੀ ਮੰਗ ਅਤੇ ਸੂਬਿਆਂ ਦੀ ਸਹਿਮਤੀ ਹੋਵੇਗੀ। ਦਸੰਬਰ ਤਕ ਦਾ ਸੰਖੇਪ ਵੇਰਵਾ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਪੜਾਅਬੱਧ ਤਰੀਕੇ ਨਾਲ ਸਪੈਸ਼ਲ ਟ੍ਰੇਨਾਂ ਹੀ ਚਲਾਈਆਂ ਜਾ ਸਕਣਗੀਆਂ। ਫਿਲਹਾਲ ਚੱਲ ਰਹੀਆਂ ਕਈ ਟ੍ਰੇਨਾਂ ਵਿਚ ਯਾਤਰੀਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਇਸ ਤੋਂ ਸਪੱਸ਼ਟ ਹੈ ਕਿ ਲੋਕ ਬਹੁਤ ਜ਼ਰੂਰੀ ਹੋਣ 'ਤੇ ਹੀ ਯਾਤਰਾ ਕਰ ਰਹੇ ਹਨ। ਇਸ ਲਈ ਸਾਰੀਆਂ ਟ੍ਰੇਨਾਂ ਨੂੰ ਟ੍ਰੈਕ 'ਤੇ ਉਤਾਰਨ ਦੀ ਕੋਈ ਯੋਜਨਾ ਫਿਲਹਾਲ ਨਹੀਂ ਹੈ।

ਰੇਲਵੇ ਜ਼ੀਰੋ ਬੇਸਡ ਟਾਈਮ ਟੇਬਲ ਲਾਗੂ ਕਰਨ ਦੀ ਤਿਆਰੀ ਵਿਚ ਹੈ। ਮੰਗ ਅਧਾਰਤ ਰੂਟਾਂ 'ਤੇ ਟ੍ਰੇਨਾਂ ਚੱਲਣਗੀਆਂ। ਜਿਨ੍ਹਾਂ ਰੂਟਾਂ 'ਤੇ ਯਾਤਰੀਆਂ ਦੀ ਗਿਣਤੀ ਦੇ ਮੁਕਾਬਲੇ ਜ਼ਿਆਦਾ ਟ੍ਰੇਨਾਂ ਚੱਲ ਰਹੀਆਂ ਹਨ, ਉਨ੍ਹਾਂ ਨੂੰ ਹਟਾ ਕੇ ਦੂਜੇ ਰੂਟ 'ਤੇ ਚਲਾਇਆ ਜਾ ਸਕਦਾ ਹੈ। ਸੀਆਰਬੀ ਯਾਦਵ ਨੇ ਦੱਸਿਆ ਕਿ ਕੋਰੋਨਾ ਕਾਲ ਦੌਰਾਨ ਇਸ ਨੂੰ ਤਜਰਬੇ ਦੇ ਤੌਰ 'ਤੇ ਸ਼ੁਰੂ ਕੀਤਾ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿਚ ਇਸ ਨੂੰ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ।