ਜੇਐੱਨਐੱਨ, ਨਵੀਂ ਦਿੱਲੀ : ਬੀਤੇ ਕੁਝ ਦਿਨਾਂ ਤੋਂ ਦਿੱਲੀ 'ਚ ਟਰੈਕਟਰ ਪਰੇਡ ਕੱਢਣ ਨੂੰ ਲੈ ਕੇ ਦਿੱਲੀ ਪੁਲਿਸ ਤੇ ਕਿਸਾਨਾਂ ਵਿਚਾਲੇ ਜਾਰੀ ਅੜਿੱਕਾ ਸ਼ਨਿਚਰਵਾਰ ਨੂੰ ਖ਼ਤਮ ਹੋ ਗਿਆ ਹੈ। ਹੁਣ ਕਿਸਾਨ 26 ਜਨਵਰੀ ਨੂੰ ਦਿੱਲੀ 'ਚ ਪਰੇਡ ਕੱਢ ਸਕਣਗੇ। ਟਰੈਕਟਰ ਪਰੇਡ ਲਈ ਪੰਜ ਰੂਟ ਤਿਆਰ ਕੀਤੇ ਗਏ ਹਨ। ਇਹ ਪਰੇਡ ਕਰੀਬ 100 ਕਿਲੋਮੀਟਰ ਦੇ ਦਾਇਰੇ 'ਚ ਕੱਢੀ ਜਾਵੇਗੀ। ਹਾਲਾਂਕਿ ਇਸ ਦੌਰਾਨ ਵੱਖ-ਵੱਖ ਬਾਰਡਰਾਂ 'ਤੇ ਬੈਠੇ ਕਿਸਾਨ ਇਕ-ਦੂਜੇ ਨੂੰ ਨਹੀਂ ਮਿਲਣਗੇ।


ਸਿੰਘੂ, ਟਿਕਰੀ, ਗਾਜ਼ੀਪੁਰ, ਸ਼ਾਹਜਹਾਂ ਬਾਰਡਰ ਤੇ ਪਲਵਲ ਦਾ ਵੱਖਰਾ ਰੂਟ ਤਿਆਰ ਕੀਤਾ ਗਿਆ ਹੈ। ਕਿਸਾਨ ਤੈਅਸ਼ੁਦਾ ਰੂਟ 'ਤੇ ਪਰੇਡ ਕੱਢਣਗੇ ਤੇ ਵਾਪਸ ਉਥੇ ਪਰਤ ਕੇ ਪਰੇਡ ਖਤਮ ਹੋਵੇਗੀ। ਕੌਮੀ ਰਾਜ ਮਾਰਗ-1 ਦੇ ਨੇੜੇ ਵਸੇ ਖਾਮਪੁਰ ਪਿੰਡ ਦੇ ਮੰਤਮ ਰਿਸੋਰਟ 'ਚ ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਪੁਲਿਸ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਆਗੂਆਂ ਨੇ ਪ੍ਰਰੈੱਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ।


ਸਵਰਾਜ ਇੰਡੀਆ ਪਾਰਟੀ ਦੇ ਕਨਵੀਨਰ ਯੋਗੇਂਦਰ ਯਾਦਵ ਨੇ ਦੱਸਿਆ ਕਿ ਕਿਸਾਨ ਆਗੂ ਤੇ ਪੁਲਿਸ ਅਧਿਕਾਰੀਆਂ ਦੀ ਪੰਜਵੇਂ ਦੌਰ ਦੀ ਬੈਠਕ ਤੋਂ ਬਾਅਦ ਪਰੇਡ ਨੂੰ ਲੈ ਕੇ ਅੜਿੱਕਾ ਖ਼ਤਮ ਹੋ ਗਿਆ ਹੈ। 26 ਜਨਵਰੀ ਨੂੰ ਕਿਸਾਨ ਪਹਿਲੀ ਵਾਰ ਦਿੱਲੀ 'ਚ ਪਰੇਡ ਕੱਢਣਗੇ। ਪੁਲਿਸ ਵੱਲੋਂ ਉਕਤ ਰੂਟਾਂ 'ਤੇ ਲਾਏ ਗਏ ਬੈਰੀਕੇਡ ਹਟਾਏ ਜਾਣਗੇ। ਰੂਟਾਂ ਬਾਰੇ ਸਹਿਮਤੀ ਬਣ ਗਈ ਹੈ। ਕਰੀਬ 80 ਫ਼ੀਸਦੀ ਰੂਟ ਤੈਅ ਕਰ ਲਏ ਗਏ ਹਨ, ਕੁਝ ਛੋਟੇ ਰੂਟਾਂ 'ਤੇ ਚਰਚਾ ਕਰਨ ਤੋਂ ਬਾਅਦ ਐਤਵਾਰ ਨੂੰ ਪਰੇਡ ਦੇ ਰੂਟ ਦਾ ਨਕਸ਼ਾ ਜਾਰੀ ਕਰ ਦਿੱਤਾ ਜਾਵੇਗਾ।


ਹਾਲਾਂਕਿ ਇਸ ਮਾਮਲੇ 'ਚ ਦਿੱਲੀ ਪੁਲਿਸ ਵੱਲੋਂ ਹਾਲੇ ਅਧਿਕਾਰਤ ਤੌਰ 'ਤੇ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਪੁਲਿਸ ਨੂੰ ਸ਼ਾਇਦ ਰੂਟਾਂ ਬਾਰੇ ਕਿਸਾਨ ਜਥੇਬੰਦੀਆਂ ਤੋਂ ਲਿਖਤੀ ਪੱਤਰ ਮਿਲਣ ਤੋਂ ਬਾਅਦ ਐਤਵਾਰ ਨੂੰ ਇਸ ਮਾਮਲੇ 'ਚ ਆਖ਼ਰੀ ਫ਼ੈਸਲਾ ਲਿਆ ਜਾ ਸਕਦਾ ਹੈ। ਦਿੱਲੀ ਪੁਲਿਸ ਦੇ ਵਧੀਕ ਜਨ ਸੰਪਰਕ ਅਧਿਕਾਰੀ ਐੱਸਪੀ ਅਨਿਲ ਮਿੱਤਲ ਦਾ ਕਹਿਣਾ ਹੈ ਕਿ ਗੱਲਬਾਤ ਆਖ਼ਰੀ ਦੌਰ 'ਤੇ ਹੈ।


ਕਿਸਾਨ ਆਗੂਆਂ ਦਾ ਰਿਹਾ ਅੜੀਅਲ ਰਵੱਈਆ


ਕਿਸਾਨ ਆਗੂਆਂ ਦਾ ਪਰੇਡ ਕੱਢਣ ਦੀ ਆਗਿਆ ਮਿਲਣ ਤੋਂ ਬਾਅਦ ਵੀ ਅੜੀਅਲ ਰਵੱਈਆ ਦਿਖਾਈ ਦਿੱਤਾ। ਕੁਝ ਕਿਸਾਨ ਆਗੂਆਂ ਨੇ ਕਿਹਾ ਕਿ ਜੇ ਪੁਲਿਸ ਬੈਰੀਕੇਡ ਨਹੀਂ ਹਟਾਉਂਦੀ ਤਾਂ ਅਸੀਂ ਹਟਾ ਦਿਆਂਗੇ। ਉਥੇ ਇਕ ਕਿਸਾਨ ਆਗੂ ਨੇ ਕਿਹਾ ਕਿ ਪਰੇਡ ਦੀ ਮਿਆਦ ਹਾਲੇ ਤੈਅ ਨਹੀਂ ਕੀਤੀ ਗਈ ਹੈ। 24 ਘੰਟੇ ਤੋਂ ਲੈ ਕੇ 72 ਘੰਟੇ ਤਕ ਦਿਨ ਰਾਤ ਇਹ ਪਰੇਡ ਜਾਰੀ ਰਹਿ ਸਕਦੀ ਹੈ।

Posted By: Jagjit Singh