ਜਾਗਰਣ ਬਿਊਰੋ, ਨਵੀਂ ਦਿੱਲੀ : ਪੈਗਾਸਸ ਫੋਨ ਜਾਸੂਸੀ ਵਿਵਾਦ ਤੇ ਖੇਤੀ ਸੁਧਾਰ ਕਾਨੂੰਨਾਂ ਖ਼ਿਲਾਫ਼ ਸੰਸਦ 'ਚ ਚੱਲ ਰਿਹਾ ਵਿਰੋਧੀ ਧਿਰ ਦਾ ਹੰਗਾਮਾ ਹੁਣ ਘਮਸਾਨ 'ਚ ਤਬਦੀਲ ਹੋ ਗਿਆ ਹੈ। ਰਾਜ ਸਭਾ 'ਚ ਵੀਰਵਾਰ ਨੂੰ ਤਿ੍ਣਮੂਲ ਕਾਂਗਰਸ (ਟੀਐੱਮਸੀ) ਦੇ ਮੈਂਬਰਾਂ ਨੈ ਤਾਂ ਸੰਸਦੀ ਪਰੰਪਰਾ ਦੀ ਹੱਦ ਪਾਰ ਕਰਦਿਆਂ ਸੂਚਨਾ ਤਕਨੀਕੀ ਤੇ ਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਦੇ ਹੱਥੋਂ ਸਦਨ 'ਚ ਕਾਗਜ਼ ਖੋਹ ਕੇ ਉਸ ਨੂੰ ਪਾੜ ਦਿੱਤਾ ਤੇ ਆਸਨ ਵੱਲ ਸੁੱਟ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਇਸ ਕਾਰੇ ਲਈ ਟੀਐੱਮਸੀ ਮੈਂਬਰ ਸ਼ਾਂਤਨੁ ਸੈਨ ਇਕ ਹਫ਼ਤੇ ਲਈ ਮੁਅੱਤਲ ਕੀਤੇ ਜਾ ਸਕਦੇ ਹਨ। ਰਾਜ ਸਭਾ 'ਚ ਤਿ੍ਣਮੂਲ ਮੈਂਬਰਾਂ ਦਾ ਇਹ ਹਮਲਾਵਰ ਵਿਵਹਾਰ ਉਦੋਂ ਸਾਹਮਣੇ ਆਇਆ ਜਦੋਂ ਦੁਪਹਿਰ ਦੋ ਵਜੇ ਸਦਨ ਦੀ ਬੈਠਕ ਸ਼ੁਰੂ ਹੋਈ। ਕਾਂਗਰਸ ਸਮੇਤ ਦੂਜੀਆਂ ਵਿਰੋਧੀ ਧਿਰਾਂ ਦੇ ਮੈਂਬਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਵੇਲ 'ਚ ਆ ਕੇ ਹੰਗਾਮਾ ਕਰ ਰਹੇ ਸਨ ਤੇ ਤਿ੍ਣਮੂਲ ਕਾਂਗਰਸ ਦੇ ਮੈਂਬਰ ਪੈਗਾਸਸ ਫੋਨ ਜਾਸੂਸੀ ਕਾਂਡ 'ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ 'ਚ ਜੁਟੇ ਸਨ। ਇਸ ਦਰਮਿਆਨ ਉਪ ਸਭਾਪਤੀ ਹਰਿਵੰਸ਼ ਨੇ ਸੂਚਨਾ ਤਕਨੀਕੀ ਤੇ ਸੰਚਾਰ ਮੰਤਰੀ ਅਸ਼ਵਨੀ ਵੈਸ਼ਣਵ ਨੂੰ ਪੈਗਾਸਸ ਮਾਮਲੇ 'ਚ ਬਿਆਨ ਦੇਣ ਦੀ ਇਜਾਜ਼ਤ ਦੇ ਦਿੱਤੀ। ਵੈਸ਼ਣਵ ਨੇ ਬਿਆਨ ਪੜ੍ਹਨਾ ਹਾਲੇ ਸ਼ੁਰੂ ਹੀ ਕੀਤਾ ਸੀ ਕਿ ਟੀਐੱਮਸੀ ਮੈਂਬਰ ਸ਼ਾਂਤਨੁ ਸੈਨ ਨੇ ਅਚਾਨਕ ਉਨ੍ਹਾਂ ਦੀ ਸੀਟ ਕੋਲ ਜਾ ਕੇ ਉਨ੍ਹਾਂ ਹੱਥੋਂ ਕਾਗ਼ਜ਼ ਖੋਹ ਲਿਆ ਤੇ ਉਸ ਨੂੰ ਪਾੜ ਕੇ ਆਸਨ ਵੱਲ ਸੁੱਟ ਦਿੱਤਾ। ਟੀਐੱਮਸੀ ਮੈਂਬਰ ਦੇ ਇਸ ਹਮਲਾਵਰ ਰੁਖ਼ ਨੂੰ ਦੇਖ ਕੇ ਭਾਜਪਾ ਮੈਂਬਰ ਵੀ ਉਨ੍ਹਾਂ ਵੱਲ ਵਧੇ ਤਾਂ ਡੋਲਾ ਬੈਨਰਜੀ ਸਮੇਤ ਟੀਐੱਮਸੀ ਦੇ ਕੁਝ ਦੂਜੇ ਮੈਂਬਰ ਵੀ ਸੈਨ ਦੇ ਬਚਾਅ 'ਚ ਆ ਗਏ। ਇਸ ਦੌਰਾਨ ਸਦਨ 'ਚ ਤਣਾਅ, ਗਰਮਾ ਗਰਮੀ ਤੇ ਟਕਰਾਅ ਦੀ ਸਥਿਤੀ ਪੈਦਾ ਹੋ ਗਿਆ। ਟੀਐੱਮਸੀ ਮੈਂਬਰਾਂ ਦੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨਾਲ ਵੀ ਝੜਪ ਹੋਈ। ਹਰਿਵੰਸ਼ ਨੇ ਤਿ੍ਣਮੂਲ ਮੈਂਬਰਾਂ ਦੇ ਇਸ ਵਿਵਹਾਰ 'ਤੇ ਨਾਰਾਜ਼ਗੀ ਪ੍ਰਗਟ ਕਰਦੇ ਹੋਏ ਅਸ਼ਵਨੀ ਵੈਸ਼ਣਵ ਨੂੰ ਆਪਣਾ ਬਿਆਨ ਸਦਨ ਦੇ ਤਖ਼ਤੇ 'ਤੇ ਰੱਖਣ ਦੀ ਇਜਾਜ਼ਤ ਦੇ ਦਿੱਤੀ ਤੇ ਇਸ ਤੋਂ ਬਾਅਦ ਸਦਨ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ।

ਸਰਕਾਰ ਦੇ ਸੰਸਦੀ ਰਣਨੀਤੀਕਾਰਾਂ ਦੀ ਬੈਠਕ 'ਚ ਇਸ ਮਾਮਲੇ ਨੂੰ ਗੰਭੀਰ ਮੰਨਦੇ ਹੋਏ ਸੰਸਦੀ ਮਰਿਆਦਾ ਤੋੜਨ ਵਾਲੇ ਵਿਰੋਧੀ ਧਿਰ ਦੇ ਮੈਂਬਰਾਂ ਖ਼ਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਵਿਚਾਰ ਹੋਈ। ਸੰਕੇਤ ਹਨ ਕਿ ਸੈਨ ਤੇ ਬੈਨਰਜੀ ਖ਼ਿਲਾਫ਼ ਕਾਰਵਾਈ ਲਈ ਕੁਝ ਮੈਂਬਰਾਂ ਵੱਲੋਂ ਸਦਨ 'ਚ ਮਤਾ ਵੀ ਲਿਆਂਦਾ ਜਾ ਸਕਦਾ ਹੈ। ਉਧਰ, ਲੋਕ ਸਭਾ ਦੀ ਕਾਰਵਾਈ ਵੀ ਲਗਾਤਾਰ ਤੀਜੇ ਦਿਨ ਜਾਸੂਸੀ ਕਾਂਡ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਨਹੀਂ ਚੱਲ ਸਕੀ। ਕਾਂਗਰਸ, ਐੱਨਸੀਪੀ, ਸ਼ਿਵਸੈਨਾ ਤੇ ਅਕਾਲੀ ਦਲ ਤੋਂ ਲੈ ਕੇ ਡੀਐੱਮਕੇ ਜਿਹੇ ਜ਼ਿਆਦਾਤਰ ਵਿਰੋਧੀ ਦਲਾਂ ਨੇ ਜੰਤਰ ਮੰਤਰ 'ਤੇ ਚੱਲ ਰਹੀ ਕਿਸਾਨ ਸੰਸਦ ਦੀ ਹਮਾਇਤ ਕਰਦਿਆਂ ਵੇਲ 'ਚ ਆ ਕੇ ਭਾਰੀ ਹੰਗਾਮਾ ਕੀਤਾ।

ਵਿਰੋਧੀ ਧਿਰ ਦੇ ਮੈਂਬਰਾਂ ਨੇ ਸਦਨ ਦੇ ਅੰਦਰ ਸੰਗਰਾਮ ਕਰਨ ਤੋਂ ਪਹਿਲਾਂ ਸਵੇਰੇ ਸੰਸਦ ਗਲਿਆਰੇ 'ਚ ਖੇਤੀ ਕਾਨੂੰਨ ਵਿਰੋਧੀਆਂ ਦੀ ਹਮਾਇਤ 'ਚ ਜ਼ਬਰਦਸਤ ਮੁਜ਼ਾਹਰਾ ਕੀਤਾ। ਕਾਂਗਰਸ ਆਗੂ ਰਾਹੁਲ ਗਾਂਧੀ ਦੀ ਅਗਵਾਈ 'ਚ ਪਾਰਟੀ ਦੇ ਦੋਵਾਂ ਸਦਨਾਂ ਦੇ ਮੈਂਬਰ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਵਾਲੇ ਪੋਸਟਰ-ਬੈਨਰ ਲੈ ਕੇ ਗਾਂਧੀ ਦੀ ਮੂਰਤੀ ਸਾਹਮਣੇ ਇਕੱਠੇ ਹੋਏ ਤੇ ਕਿਸਾਨਾਂ ਦੀ ਹਮਾਇਤ 'ਚ ਆਵਾਜ਼ ਉਠਾਈ।