ਨਵੀਂ ਦਿੱਲੀ : ਆਜ਼ਾਦੀ ਦਿਹਾੜੇ 'ਤੇ ਹਰ ਸੰਭਾਵਿਤ ਅੱਤਵਾਦੀ ਖ਼ਤਰੇ ਨਾਲ ਨਜਿੱਠਣ ਲਈ ਦੇਸ਼ ਦੀਆਂ ਤਮਾਮ ਸੁਰੱਖਿਆ ਏਜੰਸੀਆਂ ਸਮੇਤ ਬੀਐੱਸਐੱਫ,ਸੀਆਰਪੀਐੱਫ,ਆਈਟੀਬੀਪੀ, ਐੱਸਐੱਸਬੀ, ਐੱਨਐੱਸਜੀ, ਐੱਸਪੀਜੀ, ਏਅਰਫੋਰਸ ਤੇ ਦਿੱਲੀ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ। ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਨੂੰ ਲੈ ਕੇ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਅੱਤਵਾਦੀ ਆਜ਼ਾਦੀ ਦਿਹਾੜੇ ਦੇ ਜਸ਼ਨਾਂ 'ਚ ਖਲਲ ਵੀ ਪਾ ਸਕਦੇ ਹਨ।


ਪ੍ਰਧਾਨ ਮੰਤਰੀ ਰਿਹਾਇਸ਼ ਤੋਂ ਲੈ ਕੇ ਲਾਲ ਕਿਲ੍ਹਾ ਤੱਕ ਅਭੇਦ ਸੁਰੱਖਿਆ

ਰਾਜਧਾਨੀ ਨੂੰ ਅਭੇਦ ਕਿਲ੍ਹੇ 'ਚ ਤਬਦੀਲ ਕਰ ਦਿੱਤਾ ਗਿਆ ਹੈ। ਦਹਿਸ਼ਤਗਰਦਾਂ ਦੇ ਮਨਸੂਬੇ ਨੂੰ ਢਹਿ-ਢੇਰੀ ਕਰਨ ਲਈ ਨਾਲ ਸਿਰਫ਼ 7 ਲੋਕ ਕਲਿਆਣ ਮਾਰਗ ਸਥਿਤ ਪ੍ਰਧਾਨ ਮੰਤਰੀ ਰਿਹਾਇਸ਼ ਤੋਂ ਲੈ ਕੇ ਲਾਲ ਕਿਲ੍ਹਾ ਤੱਕ ਪੁਖ਼ਤਾ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ, ਸੋਗਂ ਪੂਰੀ ਦਿੱਲੀ 'ਚ ਸੁਰੱਖਿਆ ਦੇ ਇੰਨੇ ਖ਼ਾਸ ਪ੍ਰਬੰਧ ਕੀਤੇ ਗਏ ਹਨ ਕਿ ਪਰਿੰਦਾ ਵੀ ਪਰ ਨਹੀਂ ਮਾਰ ਸਕੇਗਾ। ਚੱਪੇ-ਚੱਪੇ 'ਤੇ ਪੁਲਿਸ ਤੇ ਪੈਰਾ ਮਿਲਟਰੀ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

ਅੱਧੀ ਰਾਤ ਤੋਂ ਦਿੱਲੀ ਦੀਆਂ ਸਾਰੀਆਂ ਹੱਦਾਂ ਸੀਲ

ਦਿੱਲੀ ਪੁਲਿਸ ਦੇ ਬੁਲਾਰੇ ਤੇ ਡੀਸੀਪੀ ਸੈਂਟਰਲ ਜ਼ਿਲ੍ਹਾ ਮਨਦੀਪ ਸਿੰਘ ਰੰਧਾਵਾ ਅਨੁਸਾਰ, ਜ਼ਮੀਨ ਤੋਂ ਆਸਮਾਨ ਤੱਕ ਸਖ਼ਤ ਪਹਿਰਾ ਰਹੇਗਾ। ਬੁੱਧਵਾਰ ਅੱਧੀ ਰਾਤ 12 ਵਜੇ ਦਿੱਲੀ ਦੀਆਂ ਸਾਰੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ। ਇੱਕ ਵੀ ਵਪਾਰਕ ਵਾਹਨ ਨੂੰ ਦਿੱਲੀ 'ਚ ਦਾਖਲ ਨਹੀਂ ਹੋ ਦਿੱਤਾ ਜਾਵੇਗਾ। ਨਿੱਜੀ ਵਾਹਨਾਂ ਦੀ ਵੀ ਡੂੰਘਾਈ ਨਾਲ ਤਲਾਸ਼ੀ ਤੋਂ ਬਾਅਦ ਹੀ ਦਿੱਲੀ 'ਚ ਦਾਖ਼ਲ ਹੋਣ ਦਿੱਤਾ ਜਾ ਰਿਹਾ ਹੈ।


ਮਿੰਟਾਂ 'ਚ ਢਹਿ-ਢੇਰੀ ਕੀਤਾ ਜਾ ਸਕੇਗਾ ਹਵਾਈ ਹਮਲੇ ਨੂੰ

ਆਸਮਾਨ ਤੋਂ ਕੋਈ ਲਾਲ ਕਿਲ੍ਹਾ ਤੇ ਉਸ ਦੇ ਆਸ-ਪਾਸ ਹਮਲਾ ਨਾ ਕਰ ਦੇਵੇ, ਇਸ ਲਈ ਲਾਲ ਕਿਲ੍ਹਾ, ਆਈਐੱਸੀਬੀਟੀ, ਗੀਤਾ ਕਾਲੋਨੀ ਫਲਾਈਓਵਰ, ਸਿਵਿਕ ਸੈਂਟਰ (ਨਿਗਮ ਸਕੱਤਰੇਤ) ਆਦਿ ਪੰਜ ਦਰਜਨ ਤੋਂ ਜ਼ਿਆਦਾ ਉੱਚੀਆਂ ਇਮਾਰਤਾਂ ਦੀਆਂ ਛੱਤਾਂ 'ਤੇ ਐਂਟੀ ਏਅਰ ਕਰਾਫਟ ਤੇ ਏਅਰ ਡਿਫੈਂਸ ਗੰਨ ਲਗਾਏ ਗਏ ਹਨ। ਇਨ੍ਹਾਂ ਹਥਿਆਰਾਂ ਦੇ ਜ਼ਰੀਏ ਹਵਾਈ ਹਮਲੇ ਨੂੰ ਮਿੰਟਾਂ 'ਚ ਢਹਿ-ਢੇਰੀ ਕੀਤਾ ਜਾ ਸਕੇਗਾ। ਫ਼ੌਜ ਦੇ ਹੈਲੀਕਾਪਟਰ ਨਾਲ ਦਿਨ ਭਰ ਲਾਲ ਕਿਲ੍ਹੇ ਦੇ ਆਸ-ਪਾਸ ਸੁਰੱਖਿਆ ਦਾ ਜਾਇਜ਼ਾ ਲਿਆ ਜਾਵੇਗਾ।


ਦਿੱਲੀ ਇਕ ਮਹੀਨੇ ਤੋਂ ਹਾਈ ਅਲਰਟ 'ਤੇ

ਪੁਲਿਸ ਕਮਿਸ਼ਨਰ ਅਮੁੱਲ ਪਟਨਾਇਕ ਪਹਿਲਾਂ ਹੀ ਸਾਰੇ 15 ਜ਼ਿਲ੍ਹਆਂ 'ਚ ਜਾ ਕੇ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦੇ ਚੁੱਕੇ ਹਨ। ਦਿੱਲੀ ਇਕ ਮਹੀਨੇ ਤੋਂ ਹਾਈ ਅਲਰਟ 'ਤੇ ਹੈ। ਮੁੱਖ ਪ੍ਰਬੰਧ ਸਥਾਨ ਲਾਲ ਕਿਲ੍ਹਾ ਸਮੇਤ ਆਸ-ਪਾਸ ਦੇ ਇਲਾਕੇ ਮੱਧ ਦਿੱਲੀ ਤੇ ਨਵੀਂ ਦਿੱਲੀ 'ਚ ਸੁਰੱਖਿਆ ਦੇ ਵਾਧੂ ਪ੍ਰਬੰਧ ਕੀਤੇ ਗਏ ਹਨ। ਬੁੱਧਵਾਰ ਅੱਧੀ ਰਾਤ ਨੂੰ ਹੀ ਸੁਰੱਖਿਆ ਏਜੰਸੀਆਂ, ਪੈਰਾ ਮਿਲਟਰੀ ਤੇ ਦਿੱਲੀ ਪੁਲਿਸ ਨੇ ਰਾਜਧਾਨੀ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ।

Posted By: Jagjit Singh