ਹੈਦਰਾਬਾਦ (ਪੀਟੀਆਈ) : ਤੇਲੰਗਾਨਾ ਦੇ ਮੈਡਕ ਜ਼ਿਲ੍ਹੇ 'ਚ ਨਵੇਂ ਪੁੱਟੇ ਗਏ ਬੋਰਵੈੱਲ 'ਚ ਡਿੱਗੇ ਬੱਚੇ ਨੂੰ ਬਚਾਇਆ ਨਹੀਂ ਜਾ ਸਕਿਆ। ਤਿੰਨ ਸਾਲ ਦਾ ਸੰਜੇ ਸਾਈਂ ਬਰਧਨ ਬੁੱਧਵਾਰ ਨੂੰ ਬੋਰਵੈੱਲ 'ਚ ਡਿੱਗਿਆ ਸੀ। ਕਰੀਬ 10 ਘੰਟੇ ਦੀ ਬਚਾਅ ਮੁਹਿੰਮ ਤੋਂ ਬਾਅਦ 25 ਫੁੱਟ ਹੇਠਾਂ ਫਸੀ ਉਸ ਦੀ ਲਾਸ਼ ਨੂੰ ਵੀਰਵਾਰ ਤੜਕੇ ਬੋਰਵੈੱਲ 'ਚੋਂ ਬਾਹਰ ਕੱਢੀ ਗਈ। ਮੈਡਕ ਦੇ ਐੱਸਪੀ ਚੰਦਨ ਦੀਪਤੀ ਨੇ ਕਿਹਾ, 'ਅਸੀਂ ਉਸ ਨੂੰ ਬਾਹਰ ਕੱਢਦੇ ਇਸ ਤੋਂ ਕੁਝ ਸਮਾਂ ਪਹਿਲਾਂ ਉਸ ਦੀ ਮੌਤ ਹੋ ਗਈ। ਇਸ ਪਿੱਛੇ ਮੁੱਖ ਕਾਰਨ ਉਸ ਦਾ ਚਿੱਕੜ 'ਚ ਫਸਿਆ ਹੋਣਾ ਸਕਦਾ ਹੈ, ਜਿਸ ਨਾਲ ਆਕਸੀਜਨ ਉਸ ਤਕ ਨਹੀਂ ਪੁੱਜ ਰਹੀ ਸੀ'। ਪੋਦਚਾਨਪੱਲੀ ਪਿੰਡ 'ਚ ਬੁੱਧਵਾਰ ਸ਼ਾਮ ਪੰਜ ਵਜੇ ਆਪਣੇ ਦਾਦੇ ਦੇ ਖੇਤ 'ਚ ਟਹਿਲਦਿਆਂ ਸੰਜੇ ਉਸ ਸਮੇਂ 120 ਫੁੱਟ ਡੂੰਘੇ ਬੋਰਵੈੱਲ 'ਚ ਡਿੱਗਿਆ, ਜਦੋਂ ਉਹ ਪਿਤਾ ਤੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਨਾਲ ਇਥੇ ਟਹਿਲ ਰਿਹਾ ਸੀ।