ਮੁੰਬਈ: ਨਵੀਂ ਮੁੰਬਈ ’ਚ ਮੰਗਲਵਾਰ ਸਵੇਰੇ ਓਐੱਨਜੀਸੀ ਗੈਸ ਪ੍ਰੋਸੈਸਿੰਗ ਪਲਾਂਟ ਦੇ ਕੋਲਡ ਸਟੋਰੇਜ਼ ’ਚ ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਗੰਭੀਰ ਜ਼ਖ਼ਮੀ ਦੱਸੇ ਜਾ ਰਹੇ ਹਨ। ਅੱਗ ’ਤੇ ਹਾਲੇ ਤਕ ਕਾਬੂ ਨਹੀਂ ਪਾਇਆ ਜਾ ਸਕਿਆ, ਫਾਇਰ ਬਿ੍ਰਗੇਡ ਦੀ ਟੀਮ ਆਗੂ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਓਨਐੱਨਜੀਸੀ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਨਾਲ ਤੇਲ ਪ੍ਰੋਸੈਸਿੰਗ ’ਤੇ ਕੋਈ ਪ੍ਰਭਾਵ ਨਹੀਂ ਪਿਆ ਤੇ ਗੈਸ ਨੂੰ ਗੁਜਰਾਤ ਦੇ ਸੂਰਤ ’ਚ ਹਜ਼ੀਰਾ ਪਲਾਂਟ ਵੱਲ ਮੋੜ ਦਿੱਤਾ ਗਿਆ ਹੈ। ਪ੍ਰੋਸੈਸਿੰਗ ਪਲਾਂਟ ’ਚ ਲਗਪਗ 7 ਵਜੇ ਅੱਗ ਦੀ ਲਪਟਾਂ ਉੱਠਣੀਆਂ ਸ਼ੁਰੂ ਹੋ ਗਈਆਂ ਸਨ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਈ ਏਜੰਸੀਆਂ ਸਮੇਤ ਲਗਪਗ 22 ਫਾਇਰ ਬਿ੍ਰਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਲਈ ਮੌਕੇ ’ਤੇ ਮੌਜੂਦ ਹਨ।

ਅੱਗ ਇੰਨੀ ਭਿਆਨਕ ਹੈ ਕਿ ਇਸ ਦੀਆਂ ਲਪਟਾਂ ਤੇ ਧੂੰਆਂ ਦੂਰੋਂ ਨਜ਼ਰ ਆ ਰਿਹਾ ਹੈ। ਗੰਭੀਰ ਰੂਪ ’ਚ ਜ਼ਖ਼ਮੀ ਮੁਲਾਜ਼ਮਾਂ ਨੂੰ ਇਲਾਜ ਲਈ ਨਜ਼ਦੀਕੀ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕੁਝ ਲੋਕ ਅੰਦਰ ਫਸੇ ਹੋਏ ਹਨ।

ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਹਨ। ਪਲਾਂਟ ਅੰਦਰ ਐੱਲਪੀਜੀ ਗੈਸ ਕਾਰਨ ਅੱਗ ਹੋਰ ਵਧਦੀ ਜਾ ਰਹੀ ਹੈ। ਨੇੜਲੇ ਇਲਾਕਿਆਂ ਨੂੰ ਸੁਰੱਖਿਆ ਦੇ ਲਿਹਾਜ਼ ਕਾਰਨ ਖ਼ਾਲੀ ਕਰਵਾਇਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤਕ ਕੁਝ ਵੀ ਪਤਾ ਨਹੀਂ ਲੱਗ ਸਕਿਆ। ਅੱਗ ਕਾਰਨ ਪਲਾਂਟ ’ਚ ਗੈਸ ਸਪਲਾਈ ਬੰਦ ਕਰ ਦਿੱਤੀ ਗਈ ਹੈ।

Posted By: Akash Deep