ਸਟੇਟ ਬਿਊਰੋ, ਜੰਮੂ : ਉੱਤਰੀ ਕਸ਼ਮੀਰ ਦੇ ਬਾਰਾਮੁੱਲਾ ਜ਼ਿਲ੍ਹੇ ਦੇ ਸੋਪੋਰ ਵਿਚ ਹੋਏ ਗਹਿਗੱਚ ਮੁਕਾਬਲੇ ਵਿਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀ ਢੇਰ ਕਰ ਦਿੱਤੇ। ਮਾਰੇ ਗਏ ਅੱਤਵਾਦੀਆਂ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ। ਕਿਹਾ ਜਾ ਰਿਹਾ ਹੈ ਕਿ ਇਹ ਲਸ਼ਕਰ ਦੇ ਅੱਤਵਾਦੀ ਹੋ ਸਕਦੇ ਹਨ। ਮੁਕਾਬਲੇ ਵਾਲੀ ਥਾਂ ਦੇ ਆਲੇ-ਦੁਆਲੇ ਦੇ ਇਲਾਕੇ ਨੂੰ ਸੁਰੱਖਿਆ ਬਲ ਘੇਰ ਕੇ ਬੈਠੇ ਹੋਏ ਹਨ। ਤਲਾਸ਼ੀ ਮੁਹਿੰਮ ਜਾਰੀ ਹੈ। ਪ੍ਰਸ਼ਾਸਨ ਨੇ ਅਹਿਤਿਆਤ ਵਜੋਂ ਪੂਰੇ ਖੇਤਰ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ।

ਸੁਰੱਖਿਆ ਬਲਾਂ ਨੂੰ ਸ਼ਨਿਚਰਵਾਰ ਦੇਰ ਰਾਤ ਨੂੰ ਸੂਚਨਾ ਮਿਲੀ ਸੀ ਕਿ ਸੋਪੋਰ ਦੇ ਰੇਬਾਨ ਇਲਾਕੇ ਵਿਚ ਦੋ ਤੋਂ ਤਿੰਨ ਅੱਤਵਾਦੀ ਲੁਕੇ ਹੋਏ ਹਨ। ਇਸ ਤੋਂ ਬਾਅਦ ਪੁਲਿਸ, ਫ਼ੌਜ ਅਤੇ ਸੀਆਰਪੀਐੱਫ ਦੀ ਸਾਂਝੀ ਟੀਮ ਨੇ ਰਾਤ ਵਿਚ ਹੀ ਪੂਰੇ ਖੇਤਰ ਨੂੰ ਘੇਰ ਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਐਤਵਾਰ ਤੜਕੇ ਲਗਪਗ ਚਾਰ ਵਜੇ ਇਕ ਜਗ੍ਹਾ ਲੁਕੇ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਫਾਇਰਿੰਗ ਕਰ ਦਿੱਤੀ। ਇਸ 'ਤੇ ਦੋਵਾਂ ਪਾਸਿਆਂ ਤੋਂ ਗੋਲ਼ੀਬਾਰੀ ਹੁੰਦੀ ਰਹੀ। ਮੁਕਾਬਲੇ ਵਾਲੀ ਥਾਂ ਤੋਂ ਸੁਰੱਖਿਆ ਬਲਾਂ ਨੇ ਦੇਰ ਸ਼ਾਮ ਤਕ ਤਿੰਨ ਅੱਤਵਾਦੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਸਨ ਤੇ ਤਲਾਸ਼ੀ ਮੁਹਿੰਮ ਜਾਰੀ ਸੀ।

Posted By: Susheel Khanna