ਸਟੇਟ ਬਿਊਰੋ, ਸ੍ਰੀਨਗਰ : ਗਣਤੰਤਰ ਦਿਵਸ 'ਤੇ ਵਾਦੀ ਵਿਚ ਇਕ ਵੱਡੇ ਆਤਮਘਾਤੀ ਹਮਲੇ ਦੀ ਸਾਜ਼ਿਸ਼ ਨੂੰ ਸੁਰੱਖਿਆ ਬਲਾਂ ਨੇ ਨਾਕਾਮ ਬਣਾ ਦਿੱਤਾ। ਦੱਖਣ ਕਸ਼ਮੀਰ ਦੇ ਤ੍ਰਾਲ 'ਚ ਸ਼ਨਿਚਰਵਾਰ ਨੂੰ 11 ਘੰਟੇ ਚੱਲੇ ਜ਼ਬਰਦਸਤ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ ਖ਼ਤਰਨਾਨਕ ਕਮਾਂਡਰ ਕਾਰੀ ਯਾਸਿਰ ਸਮੇਤ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਮਾਰੇ ਗਏ ਦੋ ਹੋਰ ਅੱਤਵਾਦੀਆਂ ਵਿਚ ਆਤਮਘਾਤੀ ਬੁਰਹਾਨ ਸ਼ੇਖ਼ ਤੇ ਪਾਕਿਸਤਾਨੀ ਅੱਤਵਾਦੀ ਮੂਸਾ ਵੀ ਦੱਸਿਆ ਜਾ ਰਿਹਾ ਹੈ। ਮੁਕਾਬਲੇ ਵਿਚ ਦੋ ਫ਼ੌਜੀ ਜਵਾਨ ਵੀ ਜ਼ਖ਼ਮੀ ਹੋਏ ਹਨ ਤੇ ਅੱਤਵਾਦੀ ਟਿਕਾਣਾ ਬਣਿਆ ਮਕਾਨ ਵੀ ਮੁਕਾਬਲੇ ਵਿਚ ਢਹਿ-ਢੇਰੀ ਹੋ ਗਿਆ। ਮੁਕਾਬਲੇ ਦੌਰਾਨ ਸੁਰੱਖਿਆ ਬਲਾਂ 'ਤੇ ਭੀੜ ਨੇ ਪਥਰਾਅ ਵੀ ਕੀਤਾ ਜਿਸ 'ਤੇ ਕਾਬੂ ਪਾਉਣ ਲਈ ਪੁਲਿਸ ਨੂੰ ਬਲ ਦੀ ਵਰਤੋਂ ਕਰਨੀ ਪਈ ਪਰ ਪੁਲਿਸ ਜਾਂ ਕਿਸੇ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ। ਸਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਜੈਸ਼ ਕਮਾਂਡਰ ਕਾਰੀ ਯਾਸਿਰ ਆਪਣੇ ਸਾਥੀਆਂ ਨਾਲ ਗਣਤੰਤਰ ਦਿਵਸ 'ਤੇ ਅਵੰਤੀਪੋਰਾ ਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿਚ ਹਮਲੇ ਕਰਨ ਵਾਲਾ ਸੀ। ਇਸ ਲਈ ਉਹ ਲੰਘੇ ਮੰਗਲਵਾਰ ਨੂੰ ਖਿਯੂ ਇਲਾਕੇ ਵਿਚ ਆਪਣੇ ਸਾਥੀਆਂ ਨਾਲ ਮੀਟਿੰਗ ਕਰਨ ਆਇਆ ਸੀ। ਸੁਰੱਖਿਆ ਬਲਾਂ ਨੂੰ ਇਸ ਦਾ ਪਤਾ ਲੱਗ ਗਿਆ ਤੇ ਉਨ੍ਹਾਂ ਨੇ ਉਸੇ ਵੇਲੇ ਅੱਤਵਾਦੀਆਂ ਨੂੰ ਫੜਨ ਲਈ ਮੁਹਿੰਮ ਚਲਾਈ ਸੀ। ਕਾਰੀ ਯਾਸਿਰ ਉਸ ਵੇਲੇ ਘੇਰਾਬੰਦੀ ਤੋੜ ਕੇ ਭੱਜ ਨਿਕਲਿਆ ਸੀ। ਇਸ ਦੌਰਾਨ ਦੋ ਸੁਰੱਖਿਆ ਮੁਲਾਜ਼ਮ ਵੀ ਸ਼ਹੀਦ ਹੋ ਗਏ ਸਨ। ਅਗਲੇ ਦਿਨ ਬੁੱਧਵਾਰ ਨੂੰ ਕਰੀਬ ਦੋ ਕਿਲੋਮੀਟਰ ਅੱਗੇ ਨਗੀਨਦਰ 'ਚ ਸੁਰੱਖਿਆ ਬਲਾਂ ਨੇ ਜੈਸ਼ ਦੇ ਅੱਤਵਾਦੀਆਂ ਨੂੰ ਦੁਬਾਰਾ ਘੇਰ ਲਿਆ ਸੀ ਤੇ ਇਕ ਅੱਤਵਾਦੀ ਸੈਫੁੱਲ੍ਹਾ ਮਾਰਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿਚਰਵਾਰ ਸਵੇਰੇ ਸੁਰੱਖਿਆ ਬਲਾਂ ਨੂੰ ਆਪਣੇ ਤੰਤਰ ਰਾਹੀਂ ਕਾਰੀ ਦੇ ਹਰਪਰਿਗਾਮ (ਤ੍ਰਾਲ) ਵਿਚ ਲੁਕੇ ਹੋਣ ਦੀ ਸੂਚਨਾ ਮਿਲੀ। ਸੁਰੱਖਿਆ ਬਲਾਂ ਨੇ ਉਸੇ ਵੇਲੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਦਿਆਂ ਤਲਾਸ਼ੀ ਮੁਹਿੰਮ ਚਲਾਈ। ਅੱਤਵਾਦੀ ਦੋ ਮੰਜ਼ਿਲਾ ਮਕਾਨ ਵਿਚ ਲੁਕੇ ਹੋਏ ਸਨ। ਜਵਾਨਾਂ ਨੂੰ ਆਪਣੇ ਟਿਕਾਣੇ ਵੱਲ ਆਉਂਦਿਆਂ ਦੇਖ ਕੇ ਅੱਤਵਾਦੀਆਂ ਨੇ ਭੱਜਣ ਦੀ ਕੋਸ਼ਿਸ਼ ਕਰਦਿਆਂ ਗੋਲ਼ੀਬਾਰੀ ਕੀਤੀ। ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਅੱਤਵਾਦੀਆਂ ਦੇ ਇਰਾਦਿਆਂ 'ਤੇ ਪਾਣੀ ਫੇਰਦਿਆਂ ਉਨ੍ਹਾਂ ਨੂੰ ਮੁਕਾਬਲੇ ਵਿਚ ਉਲਝਾ ਲਿਆ।

ਨਾਗਰਿਕਾਂ ਨੂੰ ਬਚਾਉਂਦਿਆਂ ਦੋ ਜਵਾਨਾਂ ਨੂੰ ਲੱਗੀਆਂ ਗੋਲ਼ੀਆਂ

ਅੱਤਵਾਦੀ ਜਿਸ ਮਕਾਨ ਵਿਚ ਲੁਕੇ ਸਨ ਉੱਥੇ ਰਹਿਣ ਵਾਲੇ ਨਾਗਰਿਕਾਂ ਨੂੰ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀਆਂ ਗੋਲ਼ੀਆਂ ਦੀ ਵਾਛੜ ਦੌਰਾਨ ਸੁਰੱਖਿਅਤ ਬਾਹਰ ਕੱਢਿਆ। ਇਸੇ ਦੌਰਾਨ ਦੋ ਸੁਰੱਖਿਆ ਮੁਲਾਜ਼ਮ ਵੀ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਹੋ ਗਏ। ਅੱਤਵਾਦੀਆਂ ਨੂੰ ਵੀ ਆਤਮ ਸਮਰਪਣ ਦਾ ਕਈ ਵਾਰ ਮੌਕਾ ਦਿੱਤਾ ਗਿਆ ਪਰ ਉਨ੍ਹਾਂ ਨੇ ਗੋਲ਼ੀਬਾਰੀ ਜਾਰੀ ਰੱਖੀ। ਸਵੇਰੇ ਸੱਤ ਵਜੇ ਸ਼ੁਰੂ ਹੋਇਆ ਮੁਕਾਬਲਾ ਸ਼ਾਮ ਛੇ ਵਜੇ ਤਿੰਨਾਂ ਅੱਤਵਾਦੀਆਂ ਦੇ ਮਾਰੇ ਜਾਣ ਨਾਲ ਸਮਾਪਤ ਹੋਇਆ। ਮਾਰੇ ਗਏ ਅੱਤਵਾਦੀਆਂ ਵਿਚ ਕਾਰੀ ਯਾਸਿਰ ਦੇ ਨਾਲ ਉਸ ਦਾ ਪਾਕਿਸਤਾਨੀ ਸਾਥੀ ਮੂਸਾ ਤੇ ਸਥਾਨਕ ਅੱਤਵਾਦੀ ਬੁਰਹਾਨ ਸ਼ੇਖ਼ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਬੁਰਹਾਨ ਸ਼ੇਖ਼ ਨੂੰ ਜੈਸ਼ ਨੇ ਆਤਮਾਘਾਤੀ ਹਮਲਾ ਕਰਨ ਲਈ ਤਿਆਰ ਕੀਤਾ ਸੀ।