ਜੇਐੱਨਐੱਨ, ਸ੍ਰੀਨਗਰ: ਦੱਖਣੀ ਕਸ਼ਮੀਰ 'ਚ ਸੁਰੱਖਿਆ ਬਲਾਂ ਨੇ ਪਿੰਡ ਵਾਸੀਆਂ ਅਤੇ ਪੰਚਾਂ-ਸਰਪੰਚਾਂ ਨੂੰ ਧਮਕਾ ਰਹੇ ਅੱਤਵਾਦੀਆਂ ਖ਼ਿਲਾਫ਼ ਆਪਣੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਮੰਗਲਵਾਰ ਨੂੰ ਤ੍ਰਾਲ 'ਚ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀਆਂ ਨੂੰ ਮਾਰ ਮੁਕਾਇਆ। ਮਾਰੇ ਗਏ ਅੱਤਵਾਦੀਆਂ 'ਚੋਂ ਦੋ ਵਿਦੇਸ਼ੀ ਅਤੇ ਇਕ ਸਥਾਨਕ ਦੱਸਿਆ ਜਾ ਰਿਹਾ ਹੈ। ਘਟਨਾ ਸਥਾਨ ਤੋਂ ਸੁਰੱਖਿਆ ਬਲਾਂ ਨੇ ਵੱਡੀ ਮਾਤਰਾ 'ਚ ਹਥਿਆਰ ਅਤੇ ਗੋਲ਼ਾ ਬਾਰੂਦ ਵੀ ਬਰਾਮਦ ਕੀਤਾ ਹੈ।

ਜਾਣਕਾਰੀ ਅਨੁਸਾਰ, ਪੁਲਿਸ ਨੂੰ ਮੰਗਲਵਾਰ ਦੁਪਹਿਰ ਵੇਲੇ ਸੂਚਨਾ ਮਿਲੀ ਕਿ ਜੈਸ਼ ਦੇ ਤਿੰਨ ਅੱਤਵਾਦੀ ਰਾਜਪੋਰਾ 'ਚ ਕਾਗੀਨਾਗ ਆਏ ਹੋਏ ਹਨ। ਰਾਜ ਪੁਲਿਸ ਦੀ ਵਿਸ਼ੇਸ਼ ਮੁਹਿੰਮ ਟੀਮ ਦੇ ਜਵਾਨਾਂ ਨੇ ਉਸੇ ਸਮੇਂ ਫ਼ੌਜ ਅਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਮਿਲ ਕੇ ਇਨ੍ਹਾਂ ਅੱਤਵਾਦੀਆਂ ਖ਼ਿਲਾਫ਼ ਇਕ ਮੁਹਿੰਮ ਚਲਾਈ। ਦੁਪਹਿਰ ਤਿੰਨ ਵਜੇ ਇਹ ਮੁਹਿੰਮ ਸ਼ੁਰੂ ਹੋਈ ਅਤੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ ਟਿਕਾਣਿਆਂ ਦਾ ਅਨੁਮਾਨ ਲਗਾਉਂਦੇ ਹੋਏ ਘੇਰਾਬੰਦੀ ਸ਼ੁਰੂ ਕਰ ਦਿੱਤੀ। ਕਰੀਬ ਦੋ ਘੰਟੇ ਬਾਅਦ ਜਦੋਂ ਜਵਾਨ ਤਲਾਸ਼ੀ ਲੈਂਦੇ ਹੋਏ ਅੱਗੇ ਵਧੇ ਤਾਂ ਮਕਾਨ 'ਚ ਲੁਕੇ ਅੱਤਵਾਦੀਆਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਮੌਕੇ ਤੋਂ ਭੱਜਣ ਦਾ ਯਤਨ ਕੀਤਾ। ਜਵਾਨਾਂ ਨੇ ਖ਼ੁਦ ਨੂੰ ਬਚਾਉਂਦੇ ਹੋਏ ਜਵਾਬੀ ਫਾਇਰ ਕੀਤੇ।

ਇਸ ਤੋਂ ਬਾਅਦ ਦੋਵੇਂ ਪਾਸਿਓਂ ਭਿਆਨਕ ਗੋਲ਼ੀਬਾਰੀ ਸ਼ੁਰੂ ਹੋ ਗਈ। ਸਬੰਧਿਤ ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦੀਆਂ ਵੱਲੋਂ ਆਖ਼ਰੀ ਗੋਲ਼ੀ ਕਰੀਬ ਪੌਣੇ ਅੱਠ ਵਜੇ ਚਲਾਈ ਗਈ। ਲਗਭਗ 15 ਮਿੰਟਾਂ ਤਕ ਜਦੋਂ ਅੱਤਵਾਦੀਆਂ ਵੱਲੋਂ ਕੋਈ ਫਾਇਰਿੰਗ ਨਹੀਂ ਹੋਈ ਤਾਂ ਜਵਾਨਾਂ ਨੇ ਸਾਵਧਾਨੀਪੂਰਵਕ ਅੱਗੇ ਵਧਦੇ ਹੋਏ ਅੱਤਵਾਦੀ ਟਿਕਾਣਾ ਬਣੇ ਮਕਾਨ ਦੀ ਤਲਾਸ਼ੀ ਲਈ। ਇਸ ਦੌਰਾਨ ਉਨ੍ਹਾਂ ਨੂੰ ਉੱਥੇ ਤਿੰਨ ਅੱਤਵਾਦੀਆਂ ਦੀਆਂ ਲਾਸ਼ਾਂ ਤੇ ਉਨ੍ਹਾਂ ਦੇ ਹਥਿਆਰ ਮਿਲੇ। ਮਾਰੇ ਗਏ ਅੱਤਵਾਦੀਆਂ ਕੋਲੋਂ ਅੱਤਵਾਦੀ ਸੰਗਠਨ ਨਾਲ ਜੁੜੇ ਕਈ ਦਸਤਾਵੇਜ਼, ਦੋ ਅਤੀ ਆਧੁਨਿਕ ਵਾਇਰਲੈਸ ਸਿਸਟਮ ਅਤੇ ਇਕ ਜੀਪੀਐੱਸ ਵੀ ਮਿਲਿਆ ਹੈ।


ਗੁੱਜਰ ਭਾਈਚਾਰੇ ਦੇ ਦੋ ਜਣਿਆਂ ਦੀ ਮੌਤ ਮਾਮਲੇ 'ਚ ਸ਼ਾਮਲ

ਰਾਜ ਪੁਲਿਸ ਦੇ ਡੀਜੀਪੀ ਦਿਲਬਾਗ ਸਿੰਘ ਨੇ ਜੈਸ਼ ਦੇ ਤਿੰਨ ਅੱਤਵਾਦੀਆਂ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਅੱਤਵਾਦੀ ਬੀਤੀ ਅਗਸਤ ਨੂੰ ਤ੍ਰਾਲ ਦੇ ਉੱਪਰੀ ਖੇਤਰ 'ਚ ਗੁੱਜਰ ਭਾਈਚਾਰੇ ਦੇ ਦੋ ਜਣਿਆਂ ਨੂੰ ਅਗਵਾ ਕਰ ਕੇ ਮੌਤ ਦੇ ਘਾਟ ਉਤਾਰਨ ਦੀ ਵਾਰਦਾਤ 'ਚ ਸ਼ਾਮਲ ਸਨ। ਫਿਲਹਾਲ, ਇਨ੍ਹਾਂ ਅੱਤਵਾਦੀਆਂ ਦੇ ਹੋਰ ਸਾਥੀਜੋ ਤ੍ਰਾਲ ਦੇ ਆਸ-ਪਾਸ ਹੀ ਲੁਕੇ ਹਨ, ਉਨ੍ਹਾਂ ਦੀ ਭਾਲ ਜਾਰੀ ਹੈ।


ਪੰਜ ਅਗਸਤ ਤੋਂ ਬਾਅਦ ਪੰਜਵਾਂ ਮੁਕਾਬਲਾ

ਪੰਜ ਅਗਸਤ ਤੋਂ ਬਾਅਦ ਘਾਟੀ 'ਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਦਰਮਿਆਨ ਇਹ ਪੰਜਵਾਂ ਅਤੇ ਦੱਖਣੀ ਕਸ਼ਮੀਰ 'ਚ ਦੂਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ ਅੱਠ ਅਕਤੂਬਰ ਨੂੰ ਅਵੰਤੀਪੋਰਾ ਦੇ ਛਾਉਣੀ ਇਲਾਕੇ 'ਚ ਸੁਰੱਖਿਆ ਬਲਾਂ ਨੇ ਲਸ਼ਕਰ ਦੇ ਦੋ ਸਥਾਨਕ ਅੱਤਵਾਦੀਆਂ ਉਫੈਦ ਅਤੇ ਅੱਬਾਸ ਨੂੰ ਮਾਰ ਮੁਕਾਇਆ ਸੀ। ਹੋਰ ਤਿੰਨ ਮੁਕਾਬਲਿਆਂ 'ਚ ਇਕ ਜ਼ਿਲ੍ਹਾ ਗਾਂਦਰਬਲ 'ਚ ਅਤੇ ਦੋ ਉਤਰੀ ਕਸ਼ਮੀਰ ਦੇ ਬਾਰਾਮੂਲਾ ਤੇ ਸੋਪੋਰ 'ਚ ਹੋਏ ਹਨ। ਇਨ੍ਹਾਂ ਸਾਰਿਆਂ 'ਚ ਕੁੱਲ ਨੌਂ ਅੱਤਵਾਦੀ ਮਾਰੇ ਗਏ ਹਨ।

Posted By: Jagjit Singh