ਜੇਐੱਨਐੱਨ, ਪੁਣਛ : ਤਿੰਨ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਮੰਗਲਵਾਰ ਨੂੰ ਪਾਕਿਸਤਾਨੀ ਫ਼ੌਜ ਨੇ ਇਕ ਵਾਰ ਫਿਰ ਪੁਣਛ 'ਚ ਕੰਟਰੋਲ ਲਾਈਨ 'ਤੇ ਗੋਲ਼ਾਬਾਰੀ ਸ਼ੁਰੂ ਕਰ ਦਿੱਤੀ। ਭਾਰਤੀ ਫ਼ੌਜ ਨੇ ਵੀ ਪਾਕਿਸਤਾਨ ਨੂੰ ਮੂੰਹਤੋੜ ਜਵਾਬ ਦਿੱਤਾ। ਇਸ 'ਚ ਪਾਕਿ ਫ਼ੌਜ ਦੀਆਂ ਤਿੰਨ ਚੌਕੀਆਂ ਨੂੰ ਤਬਾਹ ਕਰਨ ਦੇ ਨਾਲ ਤਿੰਨ ਪਾਕਿਸਤਾਨੀ ਫ਼ੌਜੀਆਂ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ।

ਜਾਣਕਾਰੀ ਅਨੁਸਾਰ, ਮੰਗਲਵਾਰ ਦੁਪਹਿਰ ਕਰੀਬ ਤਿੰਨ ਵਜੇ ਪਾਕਿਸਤਾਨੀ ਫ਼ੌਜ ਨੇ ਸ਼ਾਹਪੁਰ ਕਿਰਨੀ ਸੈਕਟਰ, ਬਨਪਤ ਅਤੇ ਦੇਗਵਾਰ ਸੈਕਟਰ 'ਚ ਦੀਆਂ ਅਗਾਊਂ ਚੌਕੀਆਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ ਰਿਹਾਇਸ਼ੀ ਖੇਤਰਾਂ 'ਤੇ ਵੀ ਮੋਰਟਾਰ ਦਾਗਣੇ ਸ਼ੁਰੂ ਕਰ ਦਿੱਤੇ। ਇਨ੍ਹਾਂ ਸੈਕਟਰਾਂ 'ਚ ਭਾਰਤੀ ਫ਼ੌਜ ਨੇ ਜਿਉਂ ਹੀ ਜਵਾਬੀ ਕਾਰਵਾਈ ਕੀਤੀ ਤਾਂ ਪਾਕਿ ਫ਼ੌਜ ਨੇ ਬਾਲਾਕੋਟ ਤੇ ਮੇਢਰ ਸੈਕਟਰ 'ਚ ਵੀ ਭਾਰੀ ਗੋਲ਼ਾਬਾਰੀ ਸ਼ੁਰੂ ਕਰ ਦਿੱਤੀ। ਇੱਥੇ ਵੀ ਭਾਰਤੀ ਫ਼ੌਜ ਨੇ ਮੂੰਹਤੋੜ ਜਵਾਬ ਦਿੱਤਾ। ਇਸ ਕਾਰਵਾਈ 'ਚ ਪਾਕਿ ਫ਼ੌਜ ਦੀਆਂ ਤਿੰਨ ਚੌਕੀਆਂ ਤਬਾਹ ਅਤੇ ਕਰੀਬ ਤਿੰਨ ਜਵਾਬ ਵੀ ਮਾਰੇ ਗਏ ਹਨ।

ਉੱਥੇ, ਭਾਰਤੀ ਖੇਤਰ 'ਚ ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ। ਸੂਤਰਾਂ ਅਨੁਸਾਰ, ਪਾਕਿ ਫ਼ੌਜ ਅੱਤਵਾਦੀਆਂ ਦੇ ਟੋਲੇ ਨੂੰ ਭਾਰਤੀ ਖੇਤਰ 'ਚ ਦਾਖਲ ਕਰਵਾਉਣ ਲਈ ਗੋਲ਼ਾਬਾਰੀ ਕਰ ਰਹੀ ਹੈ, ਪਰ ਸਰਹੱਦ 'ਤੇ ਤਾਇਨਾ ਜਵਾਨ ਪਾਕਿ ਫ਼ੌਜ ਦੀ ਇਸ ਸਾਜ਼ਿਸ਼ ਨੂੰ ਸਫਲ ਨਹੀਂ ਹੋਣ ਦੇ ਰਹੇ।


ਭਾਰਤੀ ਫ਼ੌਜ ਨੇ ਕੀਤਾ ਜਵਾਬੀ ਹਮਲਾ

ਪਿਛਲੀ ਰਾਤ ਕਰੀਬ ਢਾਈ ਵਜੇ ਧੁੰਦ ਦੀ ਆੜ 'ਚ ਪਾਕਿ ਫ਼ੌਜ ਨੇ ਕ੍ਰਿਸ਼ਨਾ ਘਾਟੀ ਸੈਕਟਰ 'ਚ ਜੰਗਬੰਦੀ ਦਾ ਉਲੰਘਣ ਕਰਦੇ ਹੋਏ ਭਾਰਤੀ ਫ਼ੌਜ ਦੀ ਅਗਾਊਂ ਚੌਕੀ ਨਾਗੀ ਟੇਕਰੀ ਅਤੇ ਡਾਕੂ ਪੋਸਟ 'ਤੇ ਅੰਨ੍ਹੇਵਾਹ ਗੋਲ਼ਾਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਚੌਕੀਆਂ ਦੇ ਨੇੜੇ ਨਾਲੇ ਰਾਹੀਂ ਅੱਤਵਾਦੀਆਂ ਨੇ ਘੁਸਪੈਠ ਕੀਤੀ।

ਪਾਕਿਸਤਾਨ ਫ਼ੌਜ ਨੇ ਭਾਰਤੀ ਫ਼ੌਜ ਦਾ ਧਿਆਨ ਭਟਕਾਉਣ ਲਈ ਰਿਹਾਇਸ਼ੀ ਖੇਤਰਾਂ 'ਚ ਮੋਰਟਾਰ ਦਾਗਣੇ ਸ਼ੁਰੂ ਕਰ ਦਿੱਤੇ। ਸਰਹੱਦ 'ਤੇ ਚੌਕਸ ਜਵਾਨਾਂ ਨੇ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਨੂੰ ਭਾਂਪ ਲਿਆ ਅਤੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਕੁਝ ਹੀ ਦੇਰ 'ਚ ਅੱਤਵਾਦੀਆਂ ਦੇ ਪੈਰ ਉੱਖੜ ਗਏ ਅਤੇ ਉਹ ਗੋਲ਼ੀਬਾਰੀ ਕਰਦੇ ਹੋਏ ਜਾਨ ਬਚਾਉਣ ਲਈ ਵਾਪਸ ਭੱਜੇ।

Posted By: Jagjit Singh