ਸੰਵਾਦ ਸੂਤਰ, ਜੋਧਪੁਰ : ਫਿਲਮ ਅਦਾਕਾਰ ਸਲਮਾਨ ਖ਼ਾਨ ਦਾ ਕੇਸ ਲੜਨ ਵਾਲੇ ਜੋਧਪੁਰ ਦੇ ਵਕੀਲ ਹਸਤੀ ਮੱਲ ਸਾਰਸਵਤ ਨੂੰ ਧਮਕੀ ਮਿਲੀ ਹੈ। ਧਮਕੀ ਭਰੀ ਚਿੱਠੀ ’ਚ ਲਿਖਿਆ ਗਿਆ ਹੈ ਕਿ ਅਸੀਂ ਛੱਡਾਂਗੇ ਨਹੀਂ, ਪੂਰੇ ਪਰਿਵਾਰ ਦਾ ਸਿੱਧੂ ਮੂਸੇਵਾਲਾ ਵਰਗਾ ਹਾਲ ਕਰਾਂਗੇ। ਪੁਲਿਸ ’ਚ ਸ਼ਿਕਾਇਤ ਕਰਨ ਤੋਂ ਬਾਅਦ ਹਸਤੀ ਮੱਲ ਸਾਰਸਵਤ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਪਿਛਲੇ ਦਿਨੀਂ ਹੱਤਿਆ ਕਰ ਦਿੱਤੀ ਗਈ ਸੀ। ਮੂਸੇਵਾਲਾ ਦੀ ਹੱਤਿਆ ’ਚ ਲਾਰੈਂਸ ਬਿਸ਼ਨੋਈ ਗਿਰੋਹ ਦਾ ਹੱਥ ਮੰਨਿਆ ਜਾ ਰਿਹਾ ਹੈ। ਇਹੀ ਵਜ੍ਹਾ ਹੈ ਕਿ ਉਸ ਨੂੰ ਇਸ ਮਾਮਲੇ ’ਚ ਫੜਿਆ ਗਿਆ ਹੈ।

ਹਸਤੀ ਮੱਲ ਦਾ ਜੋਧਪੁਰ ਦੇ ਓਲਡ ਹਾਈ ਕੋਰਟ ਦੇ ਜੁਬਲੀ ਚੈਂਬਰ ’ਚ ਦਫ਼ਤਰ ਹੈ ਜਿਸ ਦੀ ਕੁੰਡੀ ’ਚ ਧਮਕੀ ਭਰੀ ਚਿੱਠੀ ਮਿਲੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਏਡੀਸੀਪੀ ਨਾਜ਼ਿਮ ਅਲੀ ਨੇ ਦੱਸਿਆ ਕਿ ਚਿੱਠੀ ’ਚ ਲਿਖਿਆ ਹੈ- ‘ਦੁਸ਼ਮਣ ਦਾ ਦੋਸਤ ਸਾਡਾ ਦੁਸ਼ਮਣ। ਹਸਤੀ ਮੱਲ ਅਸੀਂ ਤੈਨੂੰ ਛੱਡਾਂਗੇ ਨਹੀਂ। ਪੂਰੇ ਪਰਿਵਾਰ ਸਮੇਤ ਸਿੱਧੂ ਮੂਸੇਵਾਲਾ ਵਰਗਾ ਹਾਲ ਕਰਾਂਗੇ। ਬਹੁਤ ਛੇਤੀ।’ ਧਮਕੀ ਦੇਣ ਵਾਲੇ ਨੇ ਚਿੱਠੀ ਦੇ ਅਖ਼ੀਰ ’ਚ ਐੱਲਬੀ ਤੇ ਜੀਬੀ ਲਿਖਿਆ ਹੈ। ਐੱਲਬੀ ਤੋਂ ਲਾਰੈਂਸ ਬਿਸ਼ਨੋਈ ਤੇ ਜੀਬੀ ਤੋਂ ਗੋਲਡੀ ਬਰਾੜ ਹੋ ਸਕਦਾ ਹੈ ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਰਚੀ ਸੀ। ਉੱਧਰ ਸਾਰਸਵਤ ਦਾ ਕਹਿਣਾ ਹੈ ਕਿ ਸਲਮਾਨ ਖ਼ਾਨ ਉਨ੍ਹਾਂ ਦਾ ਦੋਸਤ ਨਹੀਂ ਹੈ। ਉਹ ਤਾਂ ਉਸ ਦੇ ਵਕੀਲ ਹਨ ਤੇ ਪੈਰਵੀ ਕਰਨਾ ਉਨ੍ਹਾਂ ਦਾ ਪੇਸ਼ਾ ਹੈ।

ਲਾਰੈਂਸ ਨੇ ਸਲਮਾਨ ਖ਼ਾਨ ਨੂੰ ਦਿੱਤੀ ਹੈ ਧਮਕੀ

ਜੋਧਪੁਰ ’ਚ ਪੇਸ਼ੀ ’ਤੇ ਆਏ ਲਾਰੈਂਸ ਬਿਸ਼ਨੋਈ ਨੇ ਪੁਲਿਸ ਜੀਪ ’ਚ ਬੈਠ ਕੇ ਮੀਡੀਆ ਸਾਹਮਣੇ ਸਲਮਾਨ ਖ਼ਾਨ ਨੂੰ ਮਾਰਨ ਦੀ ਧਮਕੀ ਦਿੱਤੀ ਸੀ। ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ’ਚ ਸਲਮਾਨ ਨੂੰ ਲੈ ਕੇ ਇਹ ਧਮਕੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਅਜਿਹੀ ਹੀ ਇਕ ਚਿੱਠੀ ਮੁੰਬਈ ’ਚ ਸਲਮਾਨ ਦੇ ਪਿਤਾ ਨੂੰ ਮਿਲੀ ਸੀ। ਸਾਰਸਵਤ ਵੀ ਕਾਲੇ ਹਿਰਨ ਦੇ ਸ਼ਿਕਾਰ ਮਾਮਲੇ ’ਚ ਹੀ ਸਲਮਾਨ ਦੀ ਪੈਰਵੀ ਕਰ ਰਹੇ ਹਨ।

Posted By: Shubham Kumar