ਨਵੀਂ ਦਿੱਲੀ (ਏਜੰਸੀਆਂ) : ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ 'ਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਬਰਫ਼ ਦੀ ਚਿੱਟੀ ਚਾਦਰ ਨੇ ਸ੍ਰੀਨਗਰ ਸਮੇਤ ਸਾਰੇ ਪਹਾੜੀ ਇਲਾਕਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਬਰਫ਼ਬਾਰੀ ਕਾਰਨ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਅੱਜ ਦੂਸਰੇ ਦਿਨ ਵੀ ਬੰਦ ਹੈ। ਪੁਣਛ ਨੂੰ ਘਾਟੀ ਨਾਲ ਜੋੜਨ ਵਾਲੇ ਮੁਗ਼ਲ ਰੋਡ ਤੇ ਸ਼੍ਰੀਨਗਰ ਨੂੰ ਲੇਹ ਨਾਲ ਜੋੜਨ ਵਾਲੇ ਜੋਜਿਲਾ ਮਾਰਗ 'ਤੇ ਬਰਫ਼ਬਾਰੀ ਹੋਣ ਤੇ ਸੜਕ 'ਤੇ ਫਿਸਲਣ ਵਧਣ ਕਾਰਨ ਵਾਹਨ ਰੋਕੇ ਗਏ ਹਨ। ਕਸ਼ਮੀਰ 'ਚ ਬੁੱਧਵਾਰ ਰਾਤ ਤੋਂ ਜਾਰੀ ਬਰਫ਼ਬਾਰੀ ਕਾਰਨ ਹੁਣ ਤਕ ਸੱਤ ਲੋਕਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ ਫ਼ੌਜ ਦੇ ਦੋ ਜਵਾਨ, ਦੋ ਪੋਟਰ, ਬਿਜਲੀ ਵਿਭਾਗ ਦਾ ਇਕ ਲਾਈਨਮੈਨ ਤੇ ਨਾਗਰਿਕ ਸ਼ਾਮਲ ਹੈ।

ਉੱਥੇ ਹੀ ਚੱਕਰਵਾਤੀ ਤੂਫ਼ਾਨ ਮਹਾ ਤੋਂ ਬਾਅਦ ਦੇਸ਼ ਦੇ ਤੱਟਵਰਤੀ ਸੂਬਿਆਂ 'ਤੇ ਹੁਣ ਤੂਫ਼ਾਨ ਬੁਲਬੁਲ ਦਾ ਖ਼ਤਰਾ ਮੰਡਰਾਉਣ ਲੱਗਾ ਹੈ। ਬੰਗਾਲ ਦੀ ਖਾੜੀ ਦੇ ਵਿਚਕਾਰਲੇ ਹਿੱਸੇ 'ਤੇ ਬਣਾਇਆ ਤੂਫ਼ਾਨ ਬੁਲਬੁਲ ਉੱਤਰੀ-ਪੱਛਮੀ ਦਿਸ਼ਾ 'ਚ ਅੱਗੇ ਵਧ ਰਿਹਾ ਹੈ। ਮੌਸਮ ਦਾ ਹਾਲ ਦੱਸਣ ਵਾਲੀ ਨਿੱਜੀ ਏਜੰਸੀ ਸਕਾਈਮੈੱਟ ਮੁਤਾਬਿਕ, ਤੂਫ਼ਾਨ ਬੁਲਬੁਲ ਗੰਗੀਯ ਪੱਛਮੀ ਬੰਗਾਲ ਨਾਲ ਟਕਰਾ ਸਕਦਾ ਹੈ। ਹਾਲਾਂਕਿ ਓਡੀਸ਼ਾ ਵੀ ਇਸ ਦੀ ਲਪੇਟ 'ਚ ਆ ਸਕਦਾ ਹੈ। ਇਸ ਤੂਫ਼ਾਨ ਕਾਰਨ ਅੱਜ ਸ਼ਾਮ ਤੋਂ ਤੱਟੀ ਓਡੀਸ਼ਾ, ਗੰਗੀਯ ਪੱਛਮੀ , ਬੰਗਾਲ, ਮਣੀਪੁਰ, ਮਿਜ਼ੋਰਮ ਤੇ ਤ੍ਰਿਪੁਰਾ 'ਚ ਬਾਰਿਸ਼ ਸ਼ੁਰੂ ਹੋ ਜਾਵੇਗੀ। ਇਹੀ ਨਹੀਂ ਕੋਲਕਾਤਾ 'ਚ ਵੀ ਜ਼ਬਰਦਸਤ ਬਾਰਿਸ਼ ਹੋ ਸਕਦੀ ਹੈ।

Posted By: Seema Anand