ਨਵੀਂ ਦਿੱਲੀ, (ਆਈਏਐੱਨਐੱਸ) : ਸਰਕਾਰ ਨੂੰ ਖਪਤਕਾਰ ਹੈਲਪਲਾਈਨ ’ਤੇ ਆਨਲਾਈਨ ਖਾਣਾ ਮੁਹੱਈਆ ਕਰਵਾਉਣ ਦੀ ਸੇਵਾ ਦੇਣ ਵਾਲੀਆਂ ਕੰਪਨੀਆਂ ਸਵੀਗੀ ਤੇ ਜ਼ੋਮੈਟੋ ਖ਼ਿਲਾਫ਼ 3500 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਹਨ। ਖਪਤਕਾਰ ਵਿਭਾਗ ਨੇ ਸੋਮਵਾਰ ਨੂੰ ਦੋਵੇਂ ਕੰਪਨੀਆਂ ਨੂੰ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ 15 ਦਿਨਾਂ ਦੇ ਅੰਦਰ-ਅੰਦਰ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਖਪਤਕਾਰ ਵਿਭਾਗ ਨੇ ਦੋਵਾਂ ਕੰਪਨੀਆਂ ਨੂੰ ਗਾਹਕਾਂ ਤੋਂ ਲਈ ਜਾਣ ਵਾਲੀ ਰਕਮ ਦਾ ਪੂਰਾ ਵੇਰਵਾ ਦੇਣ ਲਈ ਵੀ ਕਿਹਾ ਹੈ। ਵਿਭਾਗ ਨੇ ਗਾਹਕਾਂ ਨੂੰ ਡਲਿਵਰੀ ਦਾ ਖ਼ਰਚ, ਪੈਕਿੰਗ ਦਾ ਖ਼ਰਚ, ਟੈਕਸ, ਸਰਜ ਮੁੱਲ (ਸਮੇਂ ਦੇ ਨਾਲ ਵੱਧਦੀ ਕੀਮਤ) ਦੀ ਵਿਸਥਾਰਪੂਰਵਕ ਜਾਣਕਾਰੀ ਦੇਣ ਲਈ ਵੀ ਕਿਹਾ ਹੈ। ਮੁੱਖ ਸੇਵਾ ਦੇਣ ਵਾਲੀਆਂ ਕੰਪਨੀਆਂ ਨਾਲ ਬੈਠਕ ’ਚ ਖਾਧ ਵਿਭਾਗ ਦੇ ਸਕੱਤਰ ਰੋਹਿਤ ਕੁਮਾਰ ਸਿੰਘ ਨੇ 15 ਦਿਨਾਂ ਦੇ ਅੰਦਰ-ਅੰਦਰ ਗਾਹਕਾਂ ਦੀਆਂ ਸ਼ਿਕਾਇਤਾਂ ਦੇ ਹੱਲ ਦੀ ਪ੍ਰਣਾਲੀ ’ਚ ਸੁਧਾਰ ਕਰਨ ਲਈ ਵੀ ਕਿਹਾ ਹੈ। ਖਪਤਕਾਰ ਹੈਲਪਲਾਈਨ ’ਤੇ ਸਵੀਗੀ ਖ਼ਿਲਾਫ਼ 1915 ਤੇ ਜ਼ੋਮੈਟੋ ਖ਼ਿਲਾਫ਼ 2828 ਸ਼ਿਕਾਇਤਾਂ ਮਿਲੀਆਂ ਹਨ।

ਖਪਤਕਾਰ ਨੂੰ ਦਿੱਤੇ ਜਾਣ ਵਾਲੇ ਬਿੱਲ 'ਚ ਡਿਲੀਵਰੀ, ਪੈਕਿੰਗ, ਟੈਕਸ ਸਮੇਤ ਨਿਰਧਾਰਤ ਕੀਮਤ ਤੋਂ ਵੱਧ ਵਸੂਲੇ ਜਾਣਾ ਆਮ ਗੱਲ ਹੈ। ਭੋਜਨ ਦੀ ਮਾਤਰਾ 'ਚ ਕਮੀ ਨੂੰ ਇੱਕ ਆਮ ਗੱਲ ਸਮਝ ਕੇ ਟਾਲਿਆ ਜਾਂਦਾ ਹੈ। ਇਨ੍ਹਾਂ ਸਾਰੀਆਂ ਗੱਲਾਂ 'ਚ ਖਪਤਕਾਰ ਦੇ ਮੋਬਾਈਲ ਤੇ ਈਮੇਲ ਨੂੰ ਬਲਾਕ ਕਰਨਾ ਜਾਂ ਸ਼ਿਕਾਇਤ ਜਾਂ ਵਿਰੋਧ ਦਰਜ ਕਰਵਾਉਣ 'ਤੇ ਸੇਵਾ ਬੰਦ ਕਰਨਾ ਸ਼ਾਮਲ ਹੈ। ਮੀਟਿੰਗ ਵਿੱਚ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਪਹਿਲਾਂ ਚੋਰੀ ਫਿਰ ਸੀਨਾਜ਼ੋਰੀ। ਇੰਝ ਨਹੀਂ ਚੱਲੇਗਾ।

Posted By: Seema Anand