ਨਈ ਦੁਨੀਆ, ਰਾਏਪੁਰ : ਕੋਰੋਨਾ ਦੀ ਦੂਜੀ ਲਹਿਰ ਦੇਸ਼ ਦੇ ਕਈ ਸੂੁਬਿਆਂ 'ਚ ਪੁੱਜ ਗਈ ਹੈ। ਮਾਹਿਰਾਂ ਦੀ ਰਾਇ 'ਚ ਕੋਰੋਨਾ ਦੀ ਇਹ ਦੂਜੀ ਲਹਿਰ ਜ਼ਿਆਦਾ ਖਤਰਨਾਕ ਹੈ। ਇਸ ਵਾਰੀ ਮਰੀਜ਼ਾਂ 'ਚ ਉਲਟੀ ਤੇ ਦਸਤ ਵਰਗੇ ਲੱਛਣ ਵੀ ਦਿਸ ਰਹੇ ਹਨ। ਨਵੇਂ ਲੱਛਣ ਤੇ ਟੈਸਟ ਕਰਵਾਉਣ 'ਚ ਦੇਰੀ ਖ਼ਤਰਨਾਕ ਸਾਬਤ ਹੋ ਰਹੀ ਹੈ। ਛੱਤੀਸਗੜ੍ਹ 'ਚ ਪਿਛਲੇ ਤਿੰਨ ਦਿਨਾਂ (ਨੌਂ ਤੋਂ 12 ਅਪ੍ਰਰੈਲ) 'ਚ ਕਰੀਬ 19 ਲੋਕਾਂ ਦੀ ਮੌਤ ਹਸਪਤਾਲ ਪੁੱਜਣ ਤੋਂ ਪਹਿਲਾਂ ਹੋ ਗਈ। ਇਨ੍ਹਾਂ 'ਚ ਜ਼ਿਆਦਾਤਰ ਦੀ ਉਮਰ 45 ਸਾਲਾਂ ਤੋ ਜ਼ਿਆਦਾ ਹੈ। ਡਾਕਟਰਾਂ ਮੁਤਾਬਕ, ਹੁਣ ਵਾਇਰਸ ਦੇ ਸਟ੍ਰੇਨ 'ਚ ਇਨਫੈਕਸ਼ਨ ਦੀ ਰਫਤਾਰ ਵਧਾਉਣ ਵਾਲੇ ਮਿਊਟੇਸ਼ਨ ਹਨ, ਇਹ ਸਰੀਰ ਦੇ ਏ-2 ਰਿਸੈਪਟਰ ਨੂੰ ਆਸਾਨੀ ਨਾਲ ਫੜ ਰਿਹਾ ਹੈ।

ਛੱਤੀਸਗੜ੍ਹ 'ਚ ਰਾਸ਼ਟਰੀ ਸਿਹਤ ਦੀ ਡਾਇਰੈਕਟਰ ਡਾ. ਪਿ੍ਰਅੰਕਾ ਸ਼ੁਕਲਾ ਨੇ ਮਾਹਿਰ ਡਾਕਟਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਇਸ ਵਾਰੀ ਕੋਵਿਡ-19 ਦੇ ਲੱਛਣ ਵੱਖਰੇ ਹਨ। ਜ਼ਿਆਦਾਤਰ ਮਰੀਜ਼ਾਂ 'ਚ ਡਾਇਰੀਆ, ਪੇਟ ਦਰਦ ਤੇ ਬੁਖਾਰ ਦੇ ਲੱਛਣ ਦੇਖੇ ਜਾ ਰਹੇ ਹਨ। ਮਰੀਜ਼ ਇਨ੍ਹਾਂ ਲੱਛਣਾਂ ਦੇ ਬਾਵਜੂਦ ਬਹੁਤ ਦੇਰ ਨਾਲ ਟੈਸਟ ਕਰਵਾ ਰਹੇ ਹਨ। ਡਾ. ਸ਼ੁਕਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਕਿਸੇ ਵੀ ਲੱਛਣ 'ਤੇ ਫੌਰੀ ਟੈਸਟ ਕਰਵਾਉਣ।

ਏਮਜ਼ ਰਾਏਪੁਰ ਦੇ ਡਾਇਰੈਕਟਰ ਡਾ. ਨਿਤਿਨ ਐੱਮ ਨਾਗਰਕਰ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ 'ਚ ਪੀੜਤਾਂ 'ਚ ਕਈ ਲੱਛਣ ਨਵੇਂ ਹਨ। ਛੱਤੀਸਗੜ੍ਹ 'ਚ ਕੋਰੋਨਾ ਦੀ ਦੂਜੀ ਲਹਿਰ 'ਚ ਮਰਨ ਵਾਲਿਆਂ 'ਚ ਅੱਧੇ ਤੋਂ ਜ਼ਿਆਦਾ ਨੂੰ ਸਾਹ ਦੀ ਤਕਲੀਫ਼, ਬ੍ਰੈਥਲੈਸਨੈੱਸ (ਸਾਹ ਫੁੱਲਣ) ਤੇ ਰੈਸਪੀਰੇਟਰੀ ਡਿਸਟ੍ਰੈਸ (ਸਾਹ ਤੰਤਰ) 'ਚ ਪਰੇਸ਼ਾਨੀ ਸੀ।

ਦੂਜੀ ਲਹਿਰ 'ਚ ਕੋਰੋਨਾ ਦੇ ਪ੍ਰਮੁੱਖ ਲੱਛਣ

ਹਲਕਾ ਬੁਖਾਰ, ਸੁੱਕੀ ਖੰਘ, ਥਕਾਵਟ, ਅੱਖਾਂ ਦਾ ਲਾਲ ਹੋਣਾ, ਸਿਰ ਦਰਦ, ਮਹਿਕ ਨਾ ਆਉਣਾ, ਛਾਤੀ 'ਚ ਦਰਦ, ਸਾਹ ਲੈਣ 'ਚ ਦਿੱਕਤ, ਉਲਟੀ, ਦਸਤ, ਪੇਟ 'ਚ ਮਰੋੜ, ਚਮੜੀ 'ਤੇ ਜਲਨ, ਡਾਇਰੀਆ, ਨੱਕ ਵਹਿਣਾ ਤੇ ਪਾਚਨ ਖ਼ਰਾਬੀ।