ਸਟੇਟ ਬਿਊਰੋ, ਕੋਲਕਾਤਾ : ਟਾਲੀਵੁੱਡ ਅਦਾਕਾਰਾ ਤੇ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਨੁਸਰਤ ਜਹਾਂ ਦੇ ਬੱਚੇ ਦੇ ਪਿਤਾ ਦਾ ਆਖਰਕਾਰਪਤਾ ਲੱਗ ਗਿਆ ਹੈ। ਭਾਜਪਾ ਆਗੂ ਤੇ ਅਦਾਕਾਰ ਯਸ਼ ਦਾਸਗੁਪਤਾ ਹੀ ਨੁਸਰਤ ਦੇ ਬੱਚੇ ਦੇ ਪਿਤਾ ਹਨ। ਕੋਲਕਾਤਾ ਨਗਰ ਨਿਗਮ ਦੀ ਵੈੱਬਸਾਈਟ ’ਤੇ ਅਪਲੋਡ ਕੀਤੇ ਗਏ ਜਨਮ ਸਰਟੀਫਿਕੇਟ ਦੇ ਮੁਤਾਬਕ ਨੁਸਰਤ ਦੇ ਬੱਚੇ ਦਾ ਨਾਂ ਈਸ਼ਾਨ ਜੇ. ਦਾਸਗੁਪਤਾ ਹੈ। ਪਿਤਾ ਦੇ ਨਾਂ ਵਾਲੀ ਥਾਂ ’ਤੇ ਦੇਵਾਸ਼ੀਸ਼ ਦਾਸਗੁਪਤਾ ਲਿਖਿਆ ਹੈ ਜਿਹੜੇ ਯਸ਼ ਦਾਸਗੁਪਤਾ ਦਾ ਰਸਮੀ ਨਾਂ ਹੈ। ਨੁਸਰਤ ਨੇ 26 ਅਗਸਤ ਨੂੰ ਬੇਟੇ ਨੂੰ ਜਨਮ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਬੱਚੇ ਦੇ ਜਨਮ ਦੇ ਬਾਅਦ ਤੋਂ ਹੀ ਉਸਦੇ ਪਿਤਾ ਦੇ ਨਾਂ ਨੂੰ ਲੈ ਕੇ ਕਿਆਸ ਲਗਾਏ ਜਾ ਰਹੇ ਸਨ, ਕਿਉਂਕਿ ਨੁਸਰਤ ਕਾਫ਼ੀ ਸਮੇਂ ਤੋਂ ਪਤੀ ਨਿਖਿਲ ਜੈਨ ਤੋਂ ਅਲੱਗ ਰਹਿ ਰਹੇ ਸਨ। ਨਿਖਿਲ ਨੇ ਤਾਂ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਨੁਸਰਤ ਦੇ ਗਰਭਵਤੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਅਜਿਹੇ ’ਚ ਯਸ਼ ਦਾਸਗੁਪਤਾ ਨੂੰ ਲੈ ਕੇ ਅਟਕਲਾਂ ਲਗਾਈਆਂ ਜਾ ਰੀਆਂ ਸਨ, ਪਰ ਹੁਣ ਇਹ ਸਾਫ਼ ਹੋ ਗਿਆ ਹੈ ਕਿ ਯਸ਼ ਹੀ ਨੁਸਰਤ ਦੇ ਬੱਚੇ ਦੇ ਪਿਤਾ ਹਨ। ਨੁਸਰਤ ਨੂੰ ਡਿਲੀਵਰੀ ਲਈ ਯਸ਼ ਹੀ ਹਸਪਤਾਲ ਲੈ ਗਏ ਸਨ। ਬੱਚੇ ਦੇ ਜਨਮ ਦੇ ਬਾਅਦ ਯਸ਼ ਨੇ ਹੀ ਸਾਰਿਆਂ ਨੂੰ ਇਹ ਖ਼ਬਰ ਦਿੱਤੀ ਸੀ। ਨੁਸਰਤ ਦੀ ਯਸ਼ ਦੇ ਅਫੇਅਰ ਦੀਆਂ ਅਟਕਲਾਂ ਤਦੇ ਤੋਂ ਚੱਲ ਰਹੀਆਂ ਹਨ, ਜਦੋਂ ਉਹ ਨਿਖਿਲ ਜੈਨ ਦੇ ਨਾਲ ਵਿਆਹ ਦੇ ਰਿਸ਼ਤੇ ’ਚ ਸਨ। ਨਿਖਿਲ ਨੇ ਆਪਣੇ ਬਿਆਨ ’ਚ ਨੁਸਰਤ-ਯਸ਼ ਦੇ ਅਫੇਅਰ ਦੇ ਸੰਕੇਤ ਦਿੰਦੇ ਹੋਏ ਕਿਹਾ ਸੀ ਕਿ ਉਨ੍ਹਾਂ ਦਾ ਵਿਆਹ ਟੁੱਟਣ ਦਾ ਕਾਰਨ ਯਸ਼ ਸਨ। ਨੁਸਰਤ ਤੇ ਨਿਖਿਲ ਨੇ 2019 ’ਚ ਤੁਰਕੀ ’ਚ ਡੈਸਟੀਨੇਸ਼ਨ ਵੈਡਿੰਗ ਕੀਤੀ ਸੀ। ਧੂਮਧਾਮ ਨਾਲ ਹੋਇਆ ਇਹ ਵਿਆਹ ਲੰਬਾ ਨਹੀਂ ਟਿਕ ਸਕਿਆ। ਨੁਸਰਤ ਨੇ ਕਿਹਾ ਸੀ ਕਿ ਉਨ੍ਹਾਂ ਦਾ ਵਿਆਹ ਹਿੰਦੂ ਮੈਰਿਜ ਐਕਟ ਦੇ ਤਹਿਤ ਰਜਿਸਟਰ ਨਹੀਂ ਹੋਇਆ, ਇਸ ਲਈ ਇਹ ਨਹੀਂ ਮੰਨਿਆ ਜਾ ਸਕਦਾ। ਦੂਜੇ ਪਾਸੇ ਨਿਖਿਲ ਨੇ ਨੁਸਰਤ ਨਾਲੋਂ ਤਲਾਕ ਲਈ ਅਦਾਲਤ ਦਾ ਰੁਖ਼ ਕੀਤਾ ਹੈ, ਜਿਸ ’ਤੇ ਹਾਲੇ ਸੁਣਵਾਈ ਚੱਲ ਰਹੀ ਹੈ।

Posted By: Jatinder Singh