ਟੋਕੀਓ (ਏਜੰਸੀ) : ਜਾਪਾਨ ਦੇ ਯੋਕੋਹਾਮਾ ਬੰਦਰਗਾਹ ਤੇ ਖੜ੍ਹੇ ਡਾਇਮੰਡ ਪ੍ਰਿੰਸੇਜ਼ ਕਰੂਜ਼ ਸ਼ਿਪ 'ਤੇ ਮੌਜੂਦ ਇਕ ਹੋਰ ਭਾਰਤੀ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤਰ੍ਹਾਂ ਹੁਣ ਤਕ ਕੁਲ ਤਿੰਨ ਭਾਰਤੀ ਇਨਫੈਕਸ਼ਨ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਸਾਰੇ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਹਨ। ਜਾਪਾਨ 'ਚ ਭਾਰਤੀ ਦੂਤਘਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਹੁਣ ਤਕ ਕਰੂਜ਼ 'ਚ ਮੌਜੂਦ 218 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਇਸੇ ਦੌਰਾਨ ਜਹਾਜ਼ 'ਚ ਮੌਜੂਦ ਜਿਨ੍ਹਾਂ ਬਜ਼ੁਰਗ ਯਾਤਰੀਆਂ ਦੇ ਟੈਸਟ ਨੈਗੇਟਿਵ ਆਏ ਹਨ, ਉਨ੍ਹਾਂ ਨੂੰ ਹੌਲੀ-ਹੌਲੀ ਆਪਣੇ ਘਰ ਜਾਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਅਜਿਹੇ 11 ਬਜ਼ੁਰਗ ਯਾਤਰੀਆਂ ਦਾ ਜਥਾ ਸ਼ੁੱਕਰਵਾਰ ਦੁਪਹਿਰ ਕਾਲੇ ਸ਼ੀਸ਼ੇ ਲੱਗੀ ਇਕ ਬੱਸ ਰਾਹੀਂ ਰਵਾਨਾ ਕੀਤਾ ਗਿਆ। ਪਿਛਲੇ ਮਹੀਨੇ ਹਾਂਗਕਾਂਗ ਦਾ ਇਕ ਯਾਤਰੀ ਇਸ ਕਰੂਜ਼ ਤੋਂ ਉਤਰਿਆ ਸੀ। ਬਾਅਦ 'ਚ ਉਸ ਦੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੋਣ ਦੀ ਪੁਸ਼ਟੀ ਹੋਈ ਸੀ। ਇਸੇ ਨੂੰ ਧਿਆਨ 'ਚ ਰੱਖਦਿਆਂ ਜਦੋਂ ਪੰਜ ਫਰਵਰੀ ਨੂੰ ਇਹ ਕਰੂਜ਼ ਜਾਪਾਨ ਪਹੁੰਚਿਆ ਤਾਂ ਕਿਸੇ ਨੂੰ ਇਸ 'ਚੋਂ ਉਤਰਨ ਨਹੀਂ ਦਿੱਤਾ ਗਿਆ। ਇਨ੍ਹਾਂ ਦੇ 14 ਦਿਨਾਂ ਦੀ ਆਈਸੋਲੇਸ਼ਨ ਮਿਆਦ 19 ਫਰਵਰੀ ਨੂੰ ਖ਼ਤਮ ਹੋ ਰਹੀ ਹੈ। ਇਸ 'ਚ ਚਾਲਕ ਦਲ ਤੇ ਯਾਤਰੀ ਮਿਲਾ ਕੇ ਕੁਲ 3711 ਲੋਕ ਸਵਾਹ ਸਨ। ਇਨ੍ਹਾਂ 'ਚ 138 ਭਾਰਤੀ ਹਨ।