Weather Update: ਮਾਨਸੂਨ ਇੱਕ ਵਾਰ ਫਿਰ ਵਾਪਸ ਆ ਗਿਆ ਹੈ ਅਤੇ ਇਸ ਕਾਰਨ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ (IMD) ਨੇ ਭਵਿੱਖਬਾਣੀ ਕੀਤੀ ਹੈ ਕਿ ਯੂਪੀ, ਉੱਤਰਾਖੰਡ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਅਗਲੇ ਤਿੰਨ ਦਿਨਾਂ ਤੱਕ ਭਾਰੀ ਮੀਂਹ ਪਵੇਗਾ। ਇਸ ਦੇ ਨਾਲ ਹੀ ਤੱਟਵਰਤੀ ਆਂਧਰਾ ਪ੍ਰਦੇਸ਼, ਰਾਇਲਸੀਮਾ, ਤੇਲੰਗਾਨਾ ਅਤੇ ਮੱਧ ਪ੍ਰਦੇਸ਼ ਵਿੱਚ ਅਗਲੇ ਦੋ-ਤਿੰਨ ਦਿਨਾਂ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਯੂਪੀ ਅਤੇ ਉੱਤਰਾਖੰਡ ਵਿੱਚ 8 ਅਕਤੂਬਰ ਤੱਕ ਭਾਰੀ ਮੀਂਹ ਜਾਰੀ ਰਹੇਗਾ। ਸੂਬੇ 'ਚ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਕਾਰਨ ਪਾਰਾ ਡਿੱਗਣ ਦੀ ਸੰਭਾਵਨਾ ਹੈ।

ਇਨ੍ਹਾਂ ਜ਼ਿਲ੍ਹਿਆਂ ਵਿੱਚ ਜਾਰੀ ਕੀਤਾ ਅਲਰਟ

ਮੌਸਮ ਵਿਭਾਗ ਨੇ 7 ਅਕਤੂਬਰ ਨੂੰ ਯੂਪੀ ਦੇ ਮਹਾਰਾਜਗੰਜ, ਬਾਰਾਬੰਕੀ ਅਤੇ ਆਸ-ਪਾਸ ਦੇ ਇਲਾਕਿਆਂ 'ਚ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਲਖੀਮਪੁਰ ਖੇੜੀ, ਮਹੋਬਾ, ਅਯੁੱਧਿਆ, ਸੀਤਾਪੁਰ ਅਤੇ ਅਮੇਠੀ ਸਮੇਤ ਹੋਰ ਥਾਵਾਂ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। 8 ਅਕਤੂਬਰ ਤੱਕ ਕੁਝ ਇਲਾਕਿਆਂ 'ਚ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਅਗਲੇ 24 ਘੰਟਿਆਂ ਵਿੱਚ ਤੇਲੰਗਾਨਾ ਦੇ ਵਿਕਰਾਬਾਦ, ਮਹਿਬੂਬਨਗਰ, ਨਾਗਰਕੁਰਨੂਲ, ਵਨਪਾਰਥੀ, ਨਰਾਇਣਪੇਟ ਅਤੇ ਜੋਗੁਲੰਬਾ ਗਡਵਾਲ ਜ਼ਿਲ੍ਹਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਸੰਭਾਵਨਾ ਹੈ।

ਦੇਹਰਾਦੂਨ ਮੌਸਮ ਵਿਭਾਗ ਨੇ 7 ਅਕਤੂਬਰ ਨੂੰ ਨੈਨੀਤਾਲ ਜ਼ਿਲ੍ਹੇ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਭਾਰੀ ਮੀਂਹ ਕਾਰਨ ਕਿਸੇ ਤਰ੍ਹਾਂ ਦਾ ਜਾਨੀ-ਮਾਲੀ ਨੁਕਸਾਨ ਨਾ ਹੋਵੇ, ਇਸ ਲਈ ਪ੍ਰਸ਼ਾਸਨ ਨੇ ਇਹਤਿਆਤੀ ਕਦਮ ਚੁੱਕੇ ਹਨ। ਨੈਨੀਤਾਲ ਦੇ ਡੀਐਮ ਨੇ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਦੇਹਰਾਦੂਨ ਮੌਸਮ ਵਿਭਾਗ ਦੁਆਰਾ ਜਾਰੀ ਐਮਰਜੈਂਸੀ ਮੌਸਮ ਚੇਤਾਵਨੀ ਦੇ ਅਨੁਸਾਰ, 07 ਅਕਤੂਬਰ ਨੂੰ ਕੁਮਾਉਂ ਡਿਵੀਜ਼ਨ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੇ ਨਾਲ-ਨਾਲ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਪੂਰਬੀ ਅਤੇ ਉੱਤਰ-ਪੂਰਬੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅਗਲੇ ਤਿੰਨ ਤੋਂ ਚਾਰ ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਪੂਰਵ ਅਨੁਮਾਨ ਅਨੁਸਾਰ, ਉੜੀਸਾ, ਮੱਧ ਪ੍ਰਦੇਸ਼ ਵਿੱਚ 5-7 ਅਕਤੂਬਰ ਅਤੇ ਛੱਤੀਸਗੜ੍ਹ ਵਿੱਚ 6 ਅਕਤੂਬਰ ਨੂੰ ਭਾਰੀ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਹੀ ਬਿਹਾਰ, ਪੱਛਮੀ ਬੰਗਾਲ, ਸਿੱਕਮ ਅਤੇ ਉੜੀਸਾ ਵਿੱਚ ਭਾਰੀ ਮੀਂਹ ਪੈ ਸਕਦਾ ਹੈ।

ਐਤਵਾਰ ਤੋਂ ਪੰਜਾਬ 'ਚ ਮੀਂਹ ਦੀ ਸੰਭਾਵਨਾ

ਪੰਜਾਬ 'ਚ ਸ਼ਨਿਚਰਵਾਰ ਨੂੰ ਬਦਲਵਾਈ ਰਹੇਗੀ, ਜਦੋਂਕਿ 9,10 ਅਤੇ 11 ਅਕਤੂਬਰ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ।

Posted By: Jagjit Singh