ਹਾਫਲੋਂਗ (ਅਸਾਮ) (ਪੀਟੀਆ) : ਅਸਾਮ ਦੇ ਦੀਮਾ ਹਸਾਓ ਜ਼ਿਲ੍ਹੇ 'ਚ ਇਕ ਬੂਥ ਦੀ ਵੋਟਰ ਸੂਚੀ 'ਚ ਸਿਰਫ 90 ਲੋਕਾਂ ਦੇ ਨਾਂ ਸਨ ਪਰ ਇਸ 'ਤੇ 171 ਵੋਟਾਂ ਪਾਈਆਂ ਗਈਆਂ। ਅਧਿਕਾਰੀ ਨੇ ਜ਼ਬਰਦਸਤ ਊਣਤਾਈਆਂ ਉਜਾਗਰ ਕਰਦਿਆਂ ਸੋਮਵਾਰ ਨੂੰ ਇਥੇ ਜਾਣਕਾਰੀ ਦਿੱਤੀ। ਹਾਫਲੋਂਗ ਵਿਧਾਨ ਸਭਾ ਖੇਤਰ 'ਚ ਇਸ ਬੂਥ 'ਤੇ ਪਹਿਲੀ ਅਪ੍ਰੈਲ ਨੂੰ ਵੋਟਾਂ ਪਈਆਂ ਸਨ ਤੇ ਇਸ ਖੇਤਰ 'ਚ 74 ਫ਼ੀਸਦੀ ਵੋਟਿੰਗ ਹੋਈ ਸੀ।

107 (ਏ) ਖੋਟਲੀਏ ਐੱਲਪੀ ਸਕੂਲ ਦੇ ਉਕਤ ਬੂਥ 'ਤੇ ਊਣਤਾਈਆਂ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਚੋਣ ਅਧਿਕਾਰੀ ਨੇ ਪੰਜ ਚੋਣ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਤੇ ਮੁੜ ਵੋਟਿੰਗ ਦੀ ਸਿਫਾਰਸ਼ ਕੀਤੀ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਦੁਰ-ਦੁਰਾਡੇ ਪਿੰਡ ਦੇ ਮੁਖੀ ਨੇ ਚੋਣ ਕਮਿਸ਼ਨ ਦੀ ਵੋਟਰ ਸੂਚੀ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਹ ਆਪਣੀ ਸੂਚੀ ਨਾਲ ਲੈ ਕੇ ਆਇਆ ਸੀ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਮੁਖੀ ਵੱਲੋਂ ਲਿਆਂਦੀ ਸੂਚੀ ਮੁਤਾਬਕ ਵੋਟਾਂ ਪਾਈਆਂ। ਹਾਲਾਂਕਿ ਇਹ ਪਤਾ ਨਹੀਂ ਚਲ ਸਕਿਆ ਹੈ ਕਿ ਚੋਣ ਅਧਿਕਾਰੀਆਂ ਨੇ ਪਿੰਡ ਦੇ ਮੁਖੀ ਦੀ ਮੰਗ ਸਵੀਕਾਰ ਕਿਉਂ ਕੀਤੀ ਤੇ ਕੀ ਉਥੇ ਸੁਰੱਖਿਆ ਮੁਲਾਜ਼ਮ ਮੌਜੂਦ ਸਨ ਤੇ ਉਨ੍ਹਾਂ ਨੇ ਕੀ ਭੂਮਿਕਾ ਅਦਾ ਕੀਤੀ।

ਕਰਤੱਵਾਂ ਦੀ ਅਣਦੇਖੀ ਲਈ ਚੋਣ ਕਮਿਸ਼ਨ ਨੇ ਜਿਨ੍ਹਾਂ ਅਧਿਕਾਰੀਆਂ ਨੂੰ ਮੁਅੱਤਲ ਕੀਤਾ ਹੈ ਉਨ੍ਹਾਂ 'ਚ ਸੇਖੀਓਸੇਮ ਲੈਂਗੁਮ (ਸੈਕਟਰ ਅਧਿਕਾਰੀ), ਪ੍ਰਹਿਲਾਦ ਰਾਏ (ਪ੍ਰਜ਼ਾਈਡਿੰਗ ਅਫਸਰ), ਪਰਮੇਸ਼ਵਰ ਚਾਰੰਗਮਾ (ਫਸਟ ਵੋਟਿੰਗ ਅਫਸਰ), ਸਵਰਾਜ ਕਾਂਤੀ ਦਾਸ (ਸੈਕਿੰਡ ਵੋਟਰ ਅਫਸਰ) ਤੇ ਲਾਲਜਾਮਲੋ ਥਾਈਕ (ਥਰਡ ਵੋਟਿੰਗ ਅਫਸਰ) ਸ਼ਾਮਲ ਹੈ। ਦੀਮਾ ਹਸਾਓ ਦੇ ਡੀਸੀ ਸਹਿ ਜ਼ਿਲ੍ਹਾ ਚੋਣ ਅਧਿਕਾਰੀ ਨੇ ਵੋਟਿੰਗ ਦੇ ਅਗਲੇ ਹੀ ਦਿਨ ਅਰਥਾਤ ਦੋ ਅਪ੍ਰਰੈਲ ਨੂੰ ਮੁਅੱਤਲੀ ਆਦੇਸ਼ ਜਾਰੀ ਕਰ ਦਿੱਤਾ ਸੀ ਪਰ ਇਹ ਸੋਮਵਾਰ ਸਵੇਰੇ ਸਾਹਮਣੇ ਆਇਆ।