ਪੈਰਿਸ (ਏਜੰਸੀ) : ਫਰਾਂਸ ਦੀ ਰਾਜਧਾਨੀ ਪੈਰਿਸ ਦੀ ਧਰਤੀ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ 'ਤੇ ਦੇਸ਼ ਅਤੇ ਦੁਨੀਆ ਨੂੰ ਸਪਸ਼ਟ ਸੰਦੇਸ਼ ਦਿੱਤਾ। ਧਾਰਾ 370 ਖਤਮ ਕਰਨ ਦਾ ਅਸਿੱਧੇ ਤੌਰ 'ਤੇ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ 'ਚ 'ਟੈਂਪਰੇਰੀ' ਯਾਨੀ ਆਰਜ਼ੀ ਲਈ ਹੁਣ ਕੋਈ ਗੁੰਜਾਇਸ਼ ਨਹੀਂ ਹੈ। ਨਵੇਂ ਭਾਰਤ 'ਚ ਅੱਤਵਾਦ ਲਈ ਵੀ ਕੋਈ ਥਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਰਿਫਾਰਮ, ਪਰਫਾਰਮ ਤੇ ਟਰਾਂਸਫਾਰਮ ਤੇ ਸਥਾਈ ਪ੍ਰਣਾਲੀਆਂ ਨਾਲ ਅੱਗੇ ਵੱਧ ਰਿਹਾ ਹੈ।

ਪ੍ਰਧਾਨ ਮੰਤਰੀ ਇੱਥੇ ਯੂਨੈਸਕੋ ਹੈੱਡਕੁਆਰਟਰ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉੁਨ੍ਹਾਂ ਦੀ ਸਰਕਾਰ 'ਸਪਸ਼ਟ ਨੀਤੀ, ਸਹੀ ਦਿਸ਼ਾ' ਦੀ ਭਾਵਨਾ ਦੇ ਨਾਲ ਕੰਮ ਕਰ ਰਹੀ ਹੈ। ਧਾਰਾ 370 'ਤੇ ਕਾਂਗਰਸ 'ਤੇ ਵਿਅੰਗ ਕਰਦੇ ਹੋਏ ਪੀਐੱਮ ਮੋਦੀ ਨੇ ਕਿਹਾ, 'ਭਾਰਤ 'ਚ ਹੁਣ ਆਰਜ਼ੀ ਲਈ ਕੋਈ ਗੁੰਜਾਇਸ਼ ਨਹੀਂ ਹੈ। ਤੁਸੀਂ ਦੇਖਿਆ ਕਿ 1.25 ਅਰਬ ਦੀ ਆਬਾਦੀ ਅਤੇ ਮਹਾਤਮਾ ਗਾਂਧੀ, ਗੌਤਮ ਬੁੱਧ, ਰਾਮ, ਕ੍ਰਿਸ਼ਨ ਦੇ ਦੇਸ਼ 'ਚ ਆਰਜ਼ੀ ਵਿਵਸਥਾ ਖਤਮ ਕਰਨ 'ਚ 70 ਸਾਲ ਲੱਗੇ, ਮੈਂ ਸਮਝ ਨਹੀਂ ਪਾ ਰਿਹਾ ਕਿ ਇਸ 'ਤੇ ਮੈਨੂੰ ਹੱਸਣਾ ਜਾਂ ਰੋਣਾ ਚਾਹੀਦਾ ਹੈ।'

ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਭਾਰਤ 'ਚ ਅਸੀਂ ਅੱਤਵਾਦ 'ਤੇ ਲਗਾਮ ਕੱਸੀ, ਭਾਈ-ਭਤੀਜਾਵਾਦ, ਪਰਿਵਾਰਵਾਦ, ਜਨਤਾ ਦੇ ਪੈਸੇ ਦੀ ਲੁੱਟ ਬੰਦ ਕੀਤੀ। ਆਪਣੀ ਸਰਕਾਰ ਦੇ ਦੂੁਜੇ ਕਾਰਜਕਾਲ 'ਚ ਤਿੰਨ ਤਲਾਕ ਕਾਨੂੰਨ ਵਰਗੇ ਵੱਡੇ ਫੈਸਲਿਆਂ ਦੇ ਬਾਰੇ ਵੀ ਉਨ੍ਹਾਂ ਗੱਲ ਕੀਤੀ। ਪੀਐੱਮ ਨੇ ਕਿਹਾ ਕਿ ਨਵਾਂ ਭਾਰਤ ਮੁਸਲਿਮ ਔਰਤਾਂ ਦੇ ਨਾਲ ਤਿੰਨ ਤਲਾਕ ਦੀ ਬੇਇਨਸਾਫ਼ੀ ਸਵੀਕਾਰ ਨਹੀਂ ਕਰ ਸਕਦਾ।

ਚਾਰ ਸਾਲ ਪਹਿਲਾਂ ਕੀਤਾ ਵਾਅਦਾ ਨਿਭਾਇਆ

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਚਾਰ ਸਾਲ ਪਹਿਲਾਂ ਮੈਂ ਫਰਾਂਸ ਆਇਆ ਸੀ ਤਾਂ ਇਕ ਵਾਅਦਾ ਕੀਤਾ ਸੀ। ਮੈਨੂੰ ਵਾਅਦਾ ਯਾਦ ਹੈ। ਮੈਂ ਕਿਹਾ ਸੀ ਕਿ ਭਾਰਤ ਉਮੀਦਾਂ ਦੇ ਸਫਰ 'ਤੇ ਨਿਕਲ ਚੁੱਕਾ ਹੈ। ਅੱਜ ਭਾਰਤ ਨਾ ਸਿਰਫ਼ ਉਸ ਰਸਤੇ 'ਤੇ ਨਿਕਲ ਚੁੱਕਾ ਹੈ ਬਲਕਿ ਸਵਾ ਅਰਬ ਭਾਰਤ ਵਾਸੀਆਂ ਦੇ ਭਰੋਸੇ ਨਾਲ ਤੇਜ਼ ਰਫਤਾਰ ਨਾਲ ਅੱਗੇ ਵੱਧ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਵਾਰੀ ਪਹਿਲਾਂ ਤੋਂ ਵੀ ਜ਼ਿਆਦਾ ਪ੍ਰਚੰਡ ਲੋਕ ਫ਼ਤਵਾ ਦੇ ਕੇ ਸਾਡੀ ਸਰਕਾਰ ਨੂੰ ਹਮਾਇਤ ਦਿੱਤੀ ਹੈ।' ਉਨ੍ਹਾਂ ਇਹ ਵੀ ਕਿਹਾ ਕਿ ਇਹ ਫ਼ਤਵਾ ਸਿਰਫ਼ ਸਰਕਾਰ ਚਲਾਉਣ ਲਈ ਨਹੀਂ, ਬਲਕਿ ਨਵੇਂ ਭਾਰਤ ਦੇ ਨਿਰਮਾਣ ਲਈ ਮਿਲਿਆ ਹੈ।

ਮੋਦੀ-ਮੋਦੀ ਦੇ ਲੱਗੇ ਨਾਅਰੇ

ਯੂਨੈਸਕੋ ਹੈੱਡਕੁਆਰਟਰ 'ਚ ਪ੍ਰਧਾਨ ਮੰਤਰੀ ਮੋਦੀ ਦੇ ਪਹੁੰਚਦੇ ਹੀ 'ਮੋਦੀ-ਮੋਦੀ' ਅਤੇ 'ਮੋਦੀ ਹੈ ਤੋ ਮੁਮਕਿਨ ਹੈ' ਦੇ ਨਾਅਰੇ ਲੱਗੇ। ਨਾਅਰੇ ਬਹੁਤ ਦੇਰ ਤਕ ਲੱਗਦੇ ਰਹੇ। ਤਦੋਂ ਮੋਦੀ ਨੇ ਕਿਹਾ ਕਿ ਸਭ ਤੋਂ ਪਹਿਲਾਂ ਰਾਸ਼ਟਰੀ ਗੀਤ ਹੋਵੇਗਾ, ਉਸ ਤੋਂ ਬਾਅਦ ਸਾਰੇ ਲੋਕ ਸ਼ਾਂਤ ਹੋ ਗਏ। ਆਪਣੇ ਸੰਬੋਧਨ 'ਚ ਪ੍ਰਧਾਨ ਮੰਤਰੀ ਨੇ ਕਿਹਾ, 'ਭਾਰਤ ਮੋਦੀ ਦੇ ਕਾਰਨ ਤੇਜ਼ੀ ਨਾਲ ਅੱਗੇ ਨਹੀਂ ਵੱਧ ਰਿਹਾ... ' ਇਹ ਸਮਰਥਨ ਦੀ ਮੋਹਰ ਦੇ ਕਾਰਨ ਹੈ ਜੋ ਭਾਰਤ ਦੇ ਲੋਕਾਂ ਨੇ ਆਪਣੇ ਵੋਟ ਦੇ ਰੂਪ ਵਿਚ ਦਿੱਤਾ ਹੈ।

ਯਾਦਗਾਰ ਦਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੀ ਸਦੀ ਦੇ ਪੰਜਵੇਂ ਤੇ ਛੇਵੇਂ ਦਹਾਕਿਆਂ 'ਚ ਏਅਰ ਇੰਡੀਆ ਦੇ ਦੋ ਜਹਾਜ਼ ਹਾਦਸਿਆਂ 'ਚ ਮਾਰੇ ਗਏ ਪੀੜਤਾਂ ਦੀ ਯਾਦ 'ਚ ਬਣਾਈ ਗਈ ਯਾਦਗਾਰ ਦਾ ਉਦਘਾਟਨ ਕੀਤਾ। ਇਸੇ ਇਕ ਹਾਦਸੇ 'ਚ ਦੇਸ਼ ਦੇ ਪ੍ਰਸਿੱਧ ਵਿਗਿਆਨੀ ਤੇ ਪਰਮਾਣੂ ਊਰਜਾ ਪ੍ਰੋਗਰਾਮ ਦੇ ਜਨਕ ਹੋਮੀ ਜਹਾਂਗੀਰ ਭਾਭਾ ਦੀ ਮੌਤ ਹੋ ਗਈ ਸੀ। ਪ੍ਰਧਾਨ ਮੰਤਰੀ ਨੇ ਯਾਦਗਾਰ ਬਣਾਉਣ ਵਾਲੇ ਲੋਕਾਂ ਦਾ ਧੰਨਵਾਦ ਕੀਤਾ।

ਫਰਾਂਸੀਸੀ ਪ੍ਰਧਾਨ ਮੰਤਰੀ ਨੂੰ ਵੀ ਮਿਲੇ

ਫਰਾਂਸ ਯਾਤਰਾ ਦੇ ਦੂਜੇ ਦਿਨ ਸ਼ੁੱਕਰਵਾਰ ਨੂੰ ਮੋਦੀ ਨੇ ਫਰਾਂਸ ਦੇ ਹਮਰੁਤਬਾ ਐਡਵਰਡ ਚਾਰਲਸ ਫਿਲਿਪ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਵਿਚਕਾਰ ਵੱਡੀ ਪੱਧਰ 'ਤੇ ਰਣਨੀਤਕ ਭਾਈਵਾਲੀ ਨੂੰ ਹੋਰ ਅੱਗੇ ਲੈ ਕੇ ਜਾਣ ਲਈ ਦੁਵੱਲੇ ਤੇ ਆਪਸੀ ਹਿੱਤਾਂ ਦੇ ਮੁੱਦਿਆਂ 'ਤੇ ਗੱਲਬਾਤ ਹੋਈ।